ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਵਿੱਚ ਮੁੱਖ ਮੰਤਰੀ ਵੱਲੋਂ ਸਾਂਝੇ ਫਰੰਟ ਨਾਲ ਮੀਟਿੰਗ ਨਾ ਕਰਨ ਦੀ ਜ਼ੋਰਦਾਰ ਨਿਖੇਧੀ
*ਸਾਂਝੇ ਫਰੰਟ ਵੱਲੋਂ ਐਲਾਨੇ ਝੰਡਾ ਮਾਰਚਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਫੈਸਲਾ*
*ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਦੀ ਕੀਤੀ ਮੰਗ*
*ਤਨਖਾਹ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਪੈਨਸ਼ਨਾਂ ਸੋਧੀਆਂ ਜਾਣ*
ਨਵਾਂ ਸ਼ਹਿਰ 7 ਅਪ੍ਰੈਲ ( ) ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਜ਼ਿਲ੍ਹਾ ਸਕੱਤਰ ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਹਰੀ ਬਿਲਾਸ, ਕੁਲਦੀਪ ਸਿੰਘ ਦੌੜਕਾ, ਭਲਵਿੰਦਰ ਪਾਲ, ਰਾਮ ਪਾਲ, ਰੇਸ਼ਮ ਲਾਲ, ਸੁੱਚਾ ਰਾਮ, ਸਰਵਣ ਰਾਮ ਆਦਿ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਤੇ ਵੀ ਮੰਗਾਂ ਪੂਰੀਆਂ ਕਰਨ ਵਿੱਚ ਅਸਫਲ ਪੰਜਾਬ ਦੀ ਸਰਕਾਰ ਦੀ ਬਦਨੀਤੀ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਚੰਡੀਗੜ੍ਹ ਰੈਲੀ ਉਪਰੰਤ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਦੇ ਹੱਲ ਸਬੰਧੀ ਮੀਟਿੰਗ ਨਾ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪੈਨਸ਼ਨਰਾਂ ਨੇ ਵੱਖ-ਵੱਖ ਜਨਤਕ ਅਦਾਰਿਆਂ ਵਿੱਚ ਖਾਲੀ ਪਈਆਂ ਪੋਸਟਾਂ ਭਰਨ, ਮਹੱਲਾ ਕਲੀਨਕਾਂ ਦੀ ਡਰਾਮੇਬਾਜ਼ੀ ਦੀ ਬਜਾਏ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਪਹਿਲਾਂ ਹੀ ਚੱਲ ਰਹੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਦਵਾਈਆਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਉਹਨਾਂ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਰਾਹੀਂ ਬਣਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਸਕੂਲਾਂ ਦਾ ਵਿਰੋਧ ਕਰਦਿਆਂ ਸਮਾਜ ਦੇ ਸਭ ਵਰਗਾਂ ਲਈ ਇੱਕੋ ਜਿਹੇ ਸਕੂਲਾਂ ਵਿਚ ਸਿੱਖਿਆ ਦੇ ਬਰਾਬਰ ਮੌਕੇ ਦੇਣ ਲਈ ਪਹਿਲਾਂ ਹੀ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਪੋਸਟਾਂ ਭਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ।
ਪੈਨਸ਼ਨਰ ਆਗੂਆਂ ਨੇ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਤਨਖਾਹ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਪੈਨਸ਼ਨਾਂ ਸੋਧ ਕੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 23 ਅਪ੍ਰੈਲ ਨੂੰ ਆਦਮਪੁਰ, 30 ਅਪ੍ਰੈਲ ਨੂੰ ਨਕੋਦਰ ਅਤੇ 7 ਮਈ ਨੂੰ ਜਲੰਧਰ ਸ਼ਹਿਰ ਵਿੱਚ ਐਲਾਨੇ ਝੰਡਾ ਮਾਰਚਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਰਾਮ ਲਾਲ, ਜੋਗਾ ਸਿੰਘ, ਮਹਿੰਗਾ ਰਾਮ, ਭਾਗ ਸਿੰਘ, ਪਾਲ ਸਿੰਘ ਜਰਨੈਲ ਸਿੰਘ, ਸਰੂਪ ਲਾਲ, ਕ੍ਰਿਸ਼ਨ ਲਾਲ, ਕੇਵਲ ਰਾਮ, ਹਰਭਜਨ ਸਿੰਘ, ਧਰਮ ਪਾਲ, ਅਮਰਜੀਤ ਲਾਲ, ਗੁਰਦਿਆਲ ਸਿੰਘ, ਬਖ਼ਤਾਵਰ ਸਿੰਘ, ਅਮਰਜੀਤ ਸਿੰਘ, ਰਾਵਲ ਸਿੰਘ, ਐਚ ਐਸ ਭਾਵੜਾ, ਅਵਤਾਰ ਸਿੰਘ, ਸੰਤੋਖ ਸਿੰਘ, ਲਲਿਤ ਸ਼ਰਮਾ, ਜੋਗਿੰਦਰ ਪਾਲ, ਰਾਮ ਕੁਮਾਰ, ਈਸ਼ਵਰ ਚੰਦਰ, ਰਾਮ ਸਿੰਘ, ਹਰਦੇਵ ਕੁਮਾਰ ਆਦਿ ਹਾਜ਼ਰ ਸਨ।