ਸ਼ਹੀਦ ਹੌਲਦਾਰ ਮਨਦੀਪ ਸਿੰਘ ਦਾ ਅੱਜ ਪਿੰਡ ਚਣਕੋਈਆਂ ਕਲਾਂ (ਪਾਇਲ) ਵਿਖੇ ਪੂਰੇ ਸੈਨਿਕ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ


ਸ਼ਹੀਦ ਹੌਲਦਾਰ ਮਨਦੀਪ ਸਿੰਘ ਦਾ ਅੱਜ ਪਿੰਡ ਚਣਕੋਈਆਂ ਕਲਾਂ (ਪਾਇਲ) ਵਿਖੇ ਪੂਰੇ ਸੈਨਿਕ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋ ਸ਼ਹੀਦ ਹੌਲਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਟੈਲੀਫੋਨ ਤੇ ਗੱਲਬਾਤ ਕਰਕੇ ਕੀਤਾ ਦੁੱਖ ਸਾਂਝਾ

ਪੰਜਾਬ ਸਰਕਾਰ ਦੀ ਤਰਫੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਸ਼ਹੀਦ ਹੌਲਦਾਰ ਮਨਦੀਪ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਂਟ


ਲੁਧਿਆਣਾ, 22 ਅਪ੍ਰੈਲ (PBJOBSOFTODAY)- ਫੌਜ ਦੀ 49 ਆਰ.ਆਰ (ਸਿਖਲਾਈ) ਬਟਾਲੀਅਨ ਦੇ ਹੌਲਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਪੁੰਛ ਨੈਸ਼ਨਲ ਹਾਈਵੇ ਤੇ ਤੋਤਾ ਗਲੀ ਵਿੱਚ ਅੱਤਵਾਦੀ ਹਮਲੇ ਦੌਰਾਨ ਸ਼ਹੀਦੀ ਪਾਈ, ਦਾ ਅੰਤਿਮ ਸੰਸਕਾਰ ਪਿੰਡ ਚਣਕੋਈਆਂ ਕਲਾਂ, ਤਹਿਸੀਲ ਪਾਇਲ, ਜਿ਼ਲ੍ਹਾ ਲੁਧਿਆਣਾ ਵਿੱਚ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ ਅਤੇ ਸੈਨਾ ਦੀਆਂ ਟੁਕੜੀਆਂ ਵੱਲੋ ਹੌਲਦਾਰ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਵਿਦਾਈ ਦਿੱਤੀ। ਸ਼ਹੀਦ ਹੌਲਦਾਰ ਮਨਦੀਪ ਸਿੰਘ ਆਪਣੇ ਪਿੱਛੇ ਮਾਤਾ ਸ੍ਰੀਮਤੀ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ (36 ਸਾਲ), ਪੁੱਤਰ ਕਰਨਦੀਪ ਸਿੰਘ (8 ਸਾਲ) ਅਤੇ ਪੁੱਤਰੀ ਖੁਸ਼ਦੀਪ ਕੌਰ (11 ਸਾਲ) ਛੱਡ ਗਏ ਹਨ।



 ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋ ਸ਼ਹੀਦ ਹੌਲਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਟੈਲੀਫੋਨ ਤੇ ਗੱਲਬਾਤ ਕਰਕੇ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ ਗਿਆ। 

 ਪੰਜਾਬ ਸਰਕਾਰ ਵੱਲੋਂ ਪਾਇਲ ਹਲਕਾ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੀਨੀਅਰ ਪੁਲਿਸ ਕਪਤਾਨ ਖੰਨਾ ਅਮਨੀਤ ਕੋਂਡਲ ਨੇ ਸ਼ਹੀਦ ਹੌਲਦਾਰ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਬ੍ਰਿਗੇਡੀਅਰ ਸ੍ਰੀ ਭੁਪਿੰਦਰ ਸਿੰਘ ਢਿੱਲੋਂ ਅਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਜਸਲੀਨ ਕੌਰ ਭੁੱਲਰ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।



 ਹਲਕਾ ਪਾਇਲ ਦੇ ਵਿਧਾਇਕ ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅੱਜ ਜੇਕਰ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ ਤਾਂ ਇਹਨਾਂ ਫੌਜੀ ਜਵਾਨ ਸ਼ਹੀਦਾਂ ਦੀ ਬਦੌਲਤ ਹਾਂ। ਉਹਨਾਂ ਕਿਹਾ ਕਿ ਅਸੀਂ ਹੌਲਦਾਰ ਮਨਦੀਪ ਸਿੰਘ ਦੀ ਸ਼ਹੀਦੀ ਨੂੰ ਕਰੋੜਾਂ ਵਾਰ ਨਮਨ ਕਰਦੇ ਹਾਂ। ਉਹਨਾਂ ਕਿਹਾ ਕਿ ਅੱਜ ਸਵੇਰੇ ਉਹਨਾਂ ਦੀ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਨਾਲ ਗੱਲਬਾਤ ਹੋਈ ਹੈ ਜਿਸ ਦੌਰਾਨ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਤਰਫੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣਾ ਅਤੇ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਲਈ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਬਹੁਤ ਹੀ ਜਲਦ ਪਹੁੰਚਾਈ ਜਾਵੇਗੀ। ਉਹਨਾਂ ਕਿਹਾ ਕਿ ਸ਼ਹੀਦ ਪਰਿਵਾਰ ਲਈ ਇਹ ਇੱਕ ਤੁੱਛ ਜਿਹੀ ਭੇਟਾ ਹੈ। ਸ਼ਹੀਦ ਜਵਾਨਾਂ ਦੀ ਸ਼ਹੀਦੀ ਅੱਗੇ ਕੁਝ ਵੀ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਿਰ ਉੱਚਾ ਕਰਕੇ ਜਿਊਂਦੇ ਹਾਂ। ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਅੱਗੇ ਮੇਰਾ ਸਿਰ ਨਮਨ ਹੁੰਦਾ ਹੈ। ਇਸ ਪਰਿਵਾਰ ਦੇ ਨਾਲ ਅਸੀਂ ਚਟਾਨ ਵਾਂਗ ਖੜ੍ਹੇ ਹਾਂ ਕੋਈ ਵੀ ਦੁੱਖ ਤਕਲੀਫ ਇਸ ਪਰਿਵਾਰ ਨੂੰ ਨਹੀਂ ਆਉਣ ਦੇਵਾਂਗੇ। ਉਹਨਾਂ ਕਿਹਾ ਕਿ ਹੌਲਦਾਰ ਮਨਦੀਪ ਸਿੰਘ ਦੀ ਯਾਦਗਾਰ ਬਣਾਉਣ ਸਬੰਧੀ ਫੈਸਲਾ ਵੀ ਪਰਿਵਾਰ ਦੀ ਸਲਾਹ ਅਨੁਸਾਰ ਹੀ ਲਿਆ ਜਾਵੇਗਾ।

 ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਹੌਲਦਾਰ ਮਨਦੀਪ ਸਿੰਘ ਦੀ ਮਾਤਾ ਸ੍ਰੀਮਤੀ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਹਮੇਸ਼ਾ ਪਰਿਵਾਰ ਦੀ ਮੱਦਦ ਲਈ ਤੱਤਪਰ ਰਹੇਗਾ। ਡਿਪਟੀ ਕਮਿਸ਼ਨਰ ਨੇ ਸ਼ਹੀਦ ਦੇ ਬੱਚਿਆਂ ਪੁੱਤਰ ਕਰਨਦੀਪ ਸਿੰਘ ਅਤੇ ਪੁੱਤਰੀ ਖੁਸ਼ਦੀਪ ਕੌਰ ਨੂੰ ਕਲਾਵੇ ਵਿੱਚ ਲੈ ਕੇ ਦਿਲਾਸਾ ਦਿੱਤਾ। ਉਹਨਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਤ ਨਹੀਂ ਹੁੰਦੇ ਸਗੋਂ ਉਹ ਪੂਰੀ ਕੌਮ ਦਾ ਮਾਣ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ। 

 ਸ਼ਹੀਦ ਹੌਲਦਾਰ ਮਨਦੀਪ ਸਿੰਘ ਦੀ ਮਾਤਾ ਸ੍ਰੀਮਤੀ ਬਲਵਿੰਦਰ ਕੌਰ, ਪਤਨੀ ਜਗਦੀਪ ਕੌਰ, ਭੈਣ ਗਗਨਦੀਪ ਕੌਰ, ਦੋਵੇਂ ਭਰਾ ਸ੍ਰੀ ਜਗਪਾਲ ਸਿੰਘ ਅਤੇ ਜਗਜੀਤ ਸਿੰਘ ਅਤੇ ਚਾਚੇ ਸੂਬੇਦਾਰ ਜਸਵੀਰ ਸਿੰਘ, ਸ੍ਰੀ ਬੂਟਾ ਸਿੰਘ ਅਤੇ ਮੋਹਣ ਸਿੰਘ ਨੇ ਕਿਹਾ ਕਿ ਸਾਨੂੰ ਮਨਦੀਪ ਸਿੰਘ ਦੀ ਸ਼ਹੀਦੀ ਤੇ ਮਾਣ ਹੈ ਕਿਉਂਕਿ ਉਸ ਨੇ ਦੇਸ਼ ਲਈ ਕੁਰਬਾਨੀ ਕੀਤੀ ਹੈ। ਇਸ ਮੌਕੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਾਕ ਸਬੰਧੀ ਵੀ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends