ਪ੍ਰਾਇਮਰੀ ਦੇ ਸੀ ਐੱਮ ਟੀ ਅਤੇ ਬੀ ਐੱਮ ਟੀ ਸੈਕੰਡਰੀ ਬੀ ਐੱਮ/ ਡੀ ਐੱਮ ਵਾਂਗ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ : ਡੀ ਟੀ ਐੱਫ
ਸ੍ਰੀ ਮੁਕਤਸਰ ਸਾਹਿਬ:
ਸਿੱਖਿਆ ਵਿਭਾਗ ਪੰਜਾਬ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ' ਤਹਿਤ ਬਤੌਰ ਸੀ ਐੱਮ ਟੀ ਅਤੇ ਬੀ ਐੱਮ ਟੀ ਕੰਮ ਕਰਦੇ ਪ੍ਰਾਇਮਰੀ ਅਧਿਆਪਕਾਂ ਨੂੰ ਆਪਣੇ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਹੋਣ ਦੇ ਹੁਕਮ ਦੇਣ ਤੋਂ ਭੁੱਲ ਗਿਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਨੁਸਾਰ ਇਸੇ ਪ੍ਰੋਜੈਕਟ ਤਹਿਤ ਬਤੌਰ ਬੀ ਐੱਮ/ ਡੀ ਐੱਮ ਕੰਮ ਕਰਦੇ ਸੈਕੰਡਰੀ ਅਧਿਆਪਕਾਂ ਨੂੰ ਆਪਣੇ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਦਕਿ ਪ੍ਰਾਇਮਰੀ ਵਿੱਚ ਇਸੇ ਪ੍ਰੋਜੈਕਟ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਹਾਲੇ ਤੱਕ ਪਿੱਤਰੀ ਸਕੂਲਾਂ ਵਿੱਚ ਭੇਜਣ ਬਾਰੇ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੈਕੰਡਰੀ ਅਧਿਆਪਕ ਇੰਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਪਿੱਤਰੀ ਸਕੂਲਾਂ ਵਿੱਚ ਹਾਜ਼ਰ ਹੋ ਚੁੱਕੇ ਹਨ ਅਤੇ ਆਪਣੇ ਸਕੂਲ ਤੋਂ ਹੀ ਬੀ ਐੱਮ/ ਡੀ ਐੱਮ ਦੀ ਡਿਊਟੀ ਨਿਭਾਉਣ ਲਈ ਪਾਬੰਦ ਕੀਤੇ ਗਏ ਹਨ।
ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੋਣ ਦੇ ਬਾਵਜੂਦ ਪ੍ਰਾਇਮਰੀ ਵਿਭਾਗ ਦੇ ਸੀ ਐੱਮ ਟੀ/ਬੀ ਐੱਮ ਟੀ ਹਾਲੇ ਵੀ ਕਿਸੇ ਸਕੂਲ ਵਿੱਚ ਕੰਮ ਨਾ ਕਰਦੇ ਹੋਏ ਸਿਰਫ ਸੀ ਐੱਮ ਟੀ ਅਤੇ ਬੀ ਐੱਮ ਟੀ ਦੀ ਡਿਊਟੀ ਹੀ ਕਰ ਰਹੇ ਹਨ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਕੁਲਵਿੰਦਰ ਸਿੰਘ, ਪਰਮਾਤਮਾ ਸਿੰਘ,ਰਾਜਵਿੰਦਰ ਸਿੰਘ, ਪਵਨ ਚੌਧਰੀ, ਰਵਿੰਦਰ ਸਿੰਘ, ਕੰਵਲਜੀਤ ਪਾਲ, ਜਸਵੰਤ ਸਿੰਘ, ਨਰੇਸ਼ ਕੁਮਾਰ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਰਵੀ ਕੁਮਾਰ, ਮਨਦੀਪ ਸਿੰਘ, ਸੁਰਿੰਦਰ ਕੁਮਾਰ ਅਤੇ ਬਲਵੰਤ ਸਿੰਘ ਨੇ ਮੰਗ ਕੀਤੀ ਕਿ ਪ੍ਰਾਇਮਰੀ ਦੇ ਸੀ ਐੱਮ ਟੀ ਅਤੇ ਬੀ ਐੱਮ ਟੀ ਵਜੋਂ ਕੰਮ ਕਰ ਰਹੇ ਪ੍ਰਾਇਮਰੀ ਅਧਿਆਪਕਾਂ ਨੂੰ ਸੈਕੰਡਰੀ ਬੀ ਐੱਮ /ਡੀ ਐੱਮ ਵਾਂਗ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਇੰਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇੰਨ੍ਹਾਂ ਤੋਂ ਪੜ੍ਹਨ ਦਾ ਮੌਕਾ ਮਿਲ ਸਕੇ।