ਗ੍ਰੈਜੂਏਸ਼ਨ ਸੈਰੇਮਨੀ: ਬਰੇਟਾ ਸਕੂਲ ਦੇ ਬੱਚਿਆਂ ਦੀ ਫੋਟੋ ਮੁੱਖ ਮੰਤਰੀ ਨੇ ਕੀਤੀ ਸ਼ੇਅਰ
"ਨੰਨ੍ਹੇ ਉਸਤਾਦਾਂ " ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਾਂਗ ਦਿੱਤੀਆਂ ਡਿਗਰੀਆਂ
ਹਰਦੀਪ ਸਿੰਘ ਸਿੱਧੂ
ਚੰਡੀਗੜ੍ਹ 30 ਮਾਰਚ:ਗ੍ਰੈਜੂਏਸ਼ਨ ਸੈਰੇਮਨੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰੇਟਾ ਪਿੰਡ ਦੇ ਨੰਨ੍ਹੇ ਉਤਸਾਦਾਂ ਦਾ ਹੌਸਲਾ ਵਧਾਇਆ ਹੈ।ਕੱਲ੍ਹ ਸਿੱਖਿਆ ਵਿਭਾਗ ਦੀ ਗ੍ਰੈਜੂਏਸ਼ਨ ਸੈਰੇਮਨੀ" ਤਹਿਤ ਮਾਨਸਾ ਜ਼ਿਲ੍ਹੇ ਦੇ ਬਹੁਤੇ ਸਕੂਲਾਂ ਵਿੱਚ ਯੂਨੀਵਰਸਿਟੀ ਵਿੱਚ ਹੁੰਦੇ ਡਿਗਰੀ ਸਮਾਗਮ ਵਾਂਗ ਪਹਿਲੀ ਜਮਾਤ ਚ ਦਾਖਲ ਹੋਏ ਪ੍ਰੀ ਪ੍ਰਾਇਮਰੀ ਦੇ ਨੰਨ੍ਹੇ ਉਸਤਾਦਾਂ ਦਾ ਗਾਉਨ ਪਾ ਕੇ ਉਨ੍ਹਾਂ ਨੂੰ ਪ੍ਰੀ ਪ੍ਰਾਇਮਰੀ ਪਾਸ ਹੋਣ ਦੀਆਂ ਡਿਗਰੀਆਂ ਦਿੱਤੀਆਂ ਗਈਆਂ। ਵੱਖ-ਵੱਖ ਸਕੂਲਾਂ ਚ ਚਾਵਾਂ ਮੁਲਾਰਾਂ ਨਾਲ ਹੋਏ ਪ੍ਰਵਾਭਸ਼ਾਲੀ ਸਮਾਗਮਾਂ ਨੇ ਪਬਲਿਕ ਸਕੂਲਾਂ ਦੇ ਪ੍ਰੋਗਰਾਮ ਵੀ ਫਿਕੇ ਪਾ ਦਿੱਤੇ।
ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਹੁਣ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪੈਣ ਲੱਗਿਆ ਹੈ, ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਬੇਹਤਰ ਮਿਆਰ ਨੇ ਮਾਪਿਆਂ ਦੇ ਦਿਲ ਜਿੱਤੇ ਨੇ,ਮਾਪੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਰੁਖ ਕਰਨ ਲੱਗੇ ਨੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੀ ਕਦਮੀਂ ਨੇ ਸਰਕਾਰ ਸਕੂਲਾਂ ਚ ਵੱਡੇ ਇਨਕਲਾਬੀ ਬਦਲਾਅ ਦੀ ਆਸ ਜਗਾਈ ਹੈ।
ਡੀਈਓ ਭੁਪਿੰਦਰ ਕੌਰ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ, ਸਿੱਖਿਆ ਵਿਭਾਗ,ਅਧਿਆਪਕਾਂ, ਪੰਚਾਇਤਾਂ,ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਨਵੇਂ ਦਾਖਲਿਆਂ ਤਹਿਤ ਜਿਸ ਭਰੋਸੇ ਅਤੇ ਉਤਸ਼ਾਹ ਨਾਲ ਮਾਪਿਆਂ ਨੇ ਆਪਣੇ ਬੱਚੇ ਦਾਖਲ ਕਰਵਾਏ ਹਨ,ਉਸ ਨਾਲ ਅਧਿਆਪਕਾਂ ਦੀ ਵੀ ਹੌਸਲਾ ਅਫਜਾਈ ਹੋਈ ਹੈ,ਉਹ ਹੋਰ ਜ਼ਿੰਮੇਵਾਰੀ ਅਤੇ ਗੰਭੀਰਤਾ ਨਾਲ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਯਤਨ ਕਰਨਗੇ।