ਭਾਸ਼ਾ ਵਿਭਾਗ ਦੀ ਪੰਜਾਬੀ ਭਾਸ਼ਾ ਚੇਤਨਾ ਰੈਲੀ ਨੂੰ ਡਿਪਟੀ ਕਮਿਸ਼ਨਰ ਸ੍ਰ. ਹਰਪ੍ਰੀਤ ਸਿੰਘ ਸੂਦਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅਦਾਰਿਆਂ ਦੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ‘ਚ ਕੀਤੇ ਜਾਣ: ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 15 ਫ਼ਰਵਰੀ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਉਚੇਰੀ ਸਿੱਖਿਆ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਨਾਲ ਭਾਸ਼ਾ ਵਿਭਾਗ, ਪੰਜਾਬ ਦੇ ਵਿਭਾਗੀ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਵੱਲੋਂ ਪੰਜਾਬ ਵਿੱਚ ਸਰਕਾਰੀ, ਗ਼ੈਰ-ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਸਾਰੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਵਿੱਚ ਕਰਨ ਦੇ ਆਦੇਸ਼ਾਂ ਦੀ ਚੇਤਨਾ ਲਈ ਸਥਾਨਿਕ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ [ਨੈਸ਼ਨਲ ਐਵਾਰਡੀ] ਨੇ ਸਕੂਲ ਸਿੱਖਿਆ ਵਿਭਾਗ ਤੇ ਨਾਮੀ ਸਾਹਿਤਕਾਰਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ, ਜਿਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ੍ਰ. ਹਰਪ੍ਰੀਤ ਸਿੰਘ ਸੂਦਨ, ਆਈ.ਏ.ਐੱਸ., ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐੱਸ. ਨੇ ਇਸ ਚੇਤਨਾ ਰੈਲੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਪੰਜਾਬ ਦੀ ਰਾਜ ਭਾਸ਼ਾ ਹੈ ਅਤੇ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਨਾਲ-ਨਾਲ ਸਾਰੇ ਅਦਾਰਿਆਂ ਦੇ ਬੋਰਡ ਅਤੇ ਨਾਮ-ਪੱਟੀਆਂ ਪਹਿਲ ਦੇ ਆਧਾਰ ‘ਤੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ [ਸ.ਸ.] ਜੁਗਰਾਜ ਸਿੰਘ ਰੰਧਾਵਾ (ਸਟੇਟ ਐਵਾਰਡੀ), ਰਾਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ [ਐ.ਸਿੱ.] ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰੇਖਾ ਮਹਾਜਨ (ਸਟੇਟ ਐਵਾਰਡੀ) ਨੇ ਵੀ ਇਸ ਚੇਤਨਾ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਸਾਰੇ ਅਦਾਰਿਆਂ ਨੂੰ ਪਹਿਲ ਦੇ ਆਧਾਰ ‘ਤੇ ਪੰਜਾਬੀ (ਗੁਰਮੁਖੀ ਲਿਪੀ) ਵਿੱਚ ਆਪਣੇ ਬੋਰਡ ਤੇ ਨਾਮ-ਪੱਟੀਆਂ ਆਦਿ ਲਿਖ ਕੇ ਪੰਜਾਬੀ ਭਾਸ਼ਾ ਦਾ ਮਾਣ-ਸਤਿਕਾਰ ਵਧਾਉਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਭਾਸ਼ਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਾਮੀ ਪੰਜਾਬੀ ਸਾਹਿਤਕਾਰਾਂ ਦੇ ਵਫ਼ਦ ਵਿੱਚ ਸ਼ਾਮਿਲ ਹੋਏ ਸਾਹਿਤਕਾਰ ਅਜੀਤ ਸਿੰਘ ਨਬੀਪੁਰੀ, ਮਨਮੋਹਨ ਸਿੰਘ ਬਾਸਰਕੇ ਤੇ ਦੀਪ ਦਵਿੰਦਰ ਨੇ ਪੰਜਾਬੀ ਭਾਸ਼ਾ ਦੀ ਮਹਾਨਤਾ ਨਾਲ ਸੰਬੰਧਿਤ ਗੀਤ, ਕਵਿਤਾਵਾਂ ਤੇ ਨਾਅਰੇ ਬੋਲ-ਗਾ ਕੇ ਪੰਜਾਬੀ ਭਾਸ਼ਾ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਪੰਜਾਬੀ ਭਾਸ਼ਾ ਨੂੰ ਸਮਰਪਿਤ ਇਸ ਚੇਤਨਾ ਯਾਤਰਾ ਵਿੱਚ ਸੀਨੀਅਰ ਸਹਾਇਕ ਹਰਜੀਤ ਸਿੰਘ, ਜਸਵੀਰ ਸਿੰਘ ਸੇਲ ਇੰਚਾਰਜ, ਵਿਨੋਦ ਸ਼ਰਮਾ, ਸਕੂਲ ਮੁਖੀ ਜਤਿੰਦਰ ਕੌਰ, ਭੁਪਿੰਦਰ ਕੌਰ, ਚੰਦਰ ਕਿਰਨ, ਜਤਿੰਦਰ ਸਿੰਘ, ਗਗਨਦੀਪ ਸਿੰਘ , ਗੁਰਲਾਲ ਸਿੰਘ, ਮਨਪੀ੍ਰਤ ਕੌਰ, ਪਰਮਿੰਦਰ ਸਿੰਘ, ਮਨੀਸ਼ ਕੁਮਾਰ, ਸੰਦੀਪ ਸਿਆਲ, ਰਜਵੰਤ ਕੌਰ, ਬਲਜੀਤ ਕੌਰ (ਸਾਰੇ ਸਕੂਲ ਮੁਖੀ) ਤੇ ਵੱਡੀ ਗਿਣਤੀ ਵਿੱਚ ਸਾਹਿਤਕਾਰ ਤੇ ਅਧਿਆਪਕ ਸ਼ਾਮਿਲ ਸਨ।
ਫ਼ੋਟੋ ਕੈਪਸ਼ਨ: ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭਾਸ਼ਾ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੀ ਚੇਤਨਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐੱਸ. ਤੇ ਹੋਰ ਅਧਿਕਾਰੀ।