ਮੁੱਖ ਮੰਤਰੀ ਵੱਲੋਂ ਸੜਕਾਂ ਨੂੰ ਟੋਲ ਪਲਾਜ਼ਿਆਂ ਤੋਂ ਮੁਕਤ ਕਰਨ ਦੇ ਐਲਾਨ ਨਾਲ ਲੋਕਾਂ ਨੂੰ ਵੱਡੀ ਰਾਹਤ
ਆਪਣੇ ਨਿੱਜੀ ਸਵਾਰਥਾਂ ਲਈ ਸੂਬੇ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ ਉਤੇ ਬੇਲੋੜਾ ਬੋਝ ਪਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਦੀ ਕੀਤੀ ਆਲੋਚਨਾ
ਲਾਚੋਵਾਲ ਟੋਲ ਪਲਾਜ਼ਾ ਉਤੇ ਫੰਡਾਂ ਦਾ ਗਬਨ ਕਰਨ ਵਾਲੀ ਕੰਪਨੀ ਵਿਰੁੱਧ ਐਫ.ਆਈ.ਆਰ. ਦਰਜ
ਮਿਆਦ ਪੁੱਗਣ ਮਗਰੋਂ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ
ਹੋਰ ਟੋਲ ਪਲਾਜ਼ਿਆਂ ਦੇ ਵੀ ਨਿਗਰਾਨੀ ਅਧੀਨ ਹੋਣ ਦਾ ਦਾਅਵਾ
ਲਾਚੋਵਾਲ (ਹੁਸ਼ਿਆਰਪੁਰ), 15 ਦਸੰਬਰ:
ਮਿਆਦ ਪੁਗਾ ਚੁੱਕੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸੜਕਾਂ ਨੂੰ ਟੋਲ ਮੁਕਤ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਹੁਸ਼ਿਆਰਪੁਰ-ਟਾਂਡਾ ਸੜਕ ਉਤੇ ਲਾਚੋਵਾਲ ਟੋਲ ਪਲਾਜ਼ਾ ਜਿਸ ਦੀ ਮਿਆਦ 14 ਦਸੰਬਰ, 2022 ਨੂੰ ਖ਼ਤਮ ਹੋ ਗਈ ਸੀ, ਨੂੰ ਬੰਦ ਕਰਨ ਦਾ ਐਲਾਨ ਕੀਤਾ। ਪਿਛਲੀਆਂ ਸਰਕਾਰਾਂ ਵੱਲੋਂ ਆਪਣੇ ਸਵਾਰਥਾਂ ਲਈ ਪੰਜਾਬ ਦੀਆਂ ਸੜਕਾਂ ਨੂੰ ਗਿਰਵੀ ਰੱਖ ਕੇ ਲੋਕਾਂ ‘ਤੇ ਬੋਝ ਪਾਉਣ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਇਸ ਤੋਂ ਨਿਜਾਤ ਦਿਵਾਉਣ ਲਈ ਹਰ ਸੰਭਵ ਕਦਮ ਚੁੱਕੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਪੰਜਾਬੀਆਂ ਦੀ ਸਰਕਾਰ ਹੈ ਅਤੇ ਪੰਜਾਬੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਲਾਚੋਵਾਲ ਟੋਲ ਪਲਾਜਾ ਦਾ ਠੇਕਾ ਖਤਮ ਹੋ ਚੁੱਕਾ ਹੈ ਪਰ ਕੰਪਨੀ ਇਸ ਨੂੰ ਵਧਾਉਣ ਲਈ ਕਈ ਢੰਗ-ਤਰੀਕੇ ਅਪਣਾ ਰਹੀ ਸੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ 522 ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਭਗਵੰਤ ਮਾਨ ਨੇ ਸਪੱਸਟ ਕਿਹਾ ਕਿ ਕੋਈ ਹੋਰ ਵਿਅਕਤੀ ਕੰਪਨੀ ਦੀਆਂ ਤਜਵੀਜ਼ਾਂ ਨਾਲ ਸਹਿਮਤ ਹੋ ਵੀ ਜਾਂਦਾ ਪਰ ਉਨ੍ਹਾਂ ਨੇ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਜਨਤਾ ਦੇ ਪੈਸੇ ਦੀ ਸਰੇਆਮ ਲੁੱਟ ਹੈ, ਇਸ ਲਈ ਉਨ੍ਹਾਂ ਦੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ ਅਤੇ ਲੋਕਾਂ ਦੀ ਭਲਾਈ ਲਈ ਟੋਲ ਪਲਾਜ਼ਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਸੱਤਾ ਵਿੱਚ ਹੁੰਦੇ ਹਨ ਤਾਂ ਉਹ ਸਾਰੀਆਂ ਰਵਾਇਤਾਂ ਤੋੜ ਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਲੋਕਾਂ ਦੀ ਭਲਾਈ ਦੀ ਫਿਕਰ ਛੱਡ ਕੇ ਅਜਿਹੇ ਵਾਧੇ ਕਰ ਦਿੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਨੇ ਇਸ ਟੋਲ ਪਲਾਜਾ ਨੂੰ ਬੰਦ ਕਰਕੇ ਆਮ ਲੋਕਾਂ ਦੀ ਖੁੱਲ੍ਹੀ ਲੁੱਟ ਅਤੇ ਪ੍ਰੇਸਾਨੀ ਨੂੰ ਖਤਮ ਕਰਨ ਲਈ ਲੋਕ ਪੱਖੀ ਸਟੈਂਡ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਟੋਲ ਪਲਾਜੇ ਬੰਦ ਕੀਤੇ ਜਾਣਗੇ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੀ ਅਜਿਹੇ ਸਾਰੇ ਡਿਫਾਲਟਰਾਂ ਦੀ ਸੂਚੀ ਤਿਆਰ ਕਰ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਲਾਚੋਵਾਲ ਵਿਖੇ ਟੋਲ ਪਲਾਜਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਨੇ 2007 ਤੋਂ ਨਿਯਮਾਂ ਦੀ ਸਰ੍ਹੇਆਮ ਉਲੰਘਣਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕੰਪਨੀ ਨੇ ਸਮਝੌਤੇ ਦੀ ਇਕ ਧਾਰਾ ਦੀ ਵੀ ਪਾਲਣਾ ਨਹੀਂ ਕੀਤੀ ਪਰ 2007 ਤੋਂ ਬਾਅਦ ਦੀਆਂ ਸਰਕਾਰਾਂ ਨੇ ਇਸ ਪਾਸਿਉਂ ਅੱਖਾਂ ਮੀਚ ਲਈਆਂ ਸਨ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੰਪਨੀ ਨੇ ਸੜਕ ਦਾ ਨਿਰਮਾਣ ਕੀਤੇ ਬਿਨਾਂ ਹੀ ਇਸ ਸੜਕ ਤੋਂ 105 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਸਰ੍ਹੇਆਮ ਉਲੰਘਣਾ ਕਰਦਿਆਂ ਟੋਲ ਤੋਂ ਇਕੱਠੇ ਕੀਤੇ ਫੰਡ ਨੂੰ ਨਿੱਜੀ ਖਾਤੇ ਵਿੱਚ ਪਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੰਪਨੀ ਵਿਰੁੱਧ ਧਾਰਾ 420, 465, 466, 467, 471 ਅਤੇ ਹੋਰ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸੂਬਾ ਸਰਕਾਰ ਇਸ ਕੰਪਨੀ ਨੂੰ ਬਲੈਕਲਿਸਟ ਕਰੇਗੀ ਤਾਂ ਜੋ ਭਵਿੱਖ ਵਿੱਚ ਅਜਿਹੀ ਲੁੱਟ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕਈ ਸਾਲਾਂ ਤੋਂ ਲੋਕ ਇਸ ਟੋਲ ਪਲਾਜਾ ਤੋਂ ਲੰਘਣ ਲਈ ਆਪਣੀਆਂ ਜੇਬ੍ਹਾਂ ਵਿੱਚੋਂ ਮੋਟੀਆਂ ਰਕਮਾਂ ਖਰਚ ਕਰ ਰਹੇ ਸਨ। ਇਸ ਨੂੰ ਲੋਕਾਂ ਲਈ ਵੱਡੀ ਰਾਹਤ ਦੱਸਦਿਆਂ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਵੀਰਵਾਰ ਤੋਂ ਇਸ ਟੋਲ ਪਲਾਜਾ ’ਤੇ ਬਿਨਾਂ ਕੋਈ ਟੋਲ ਅਦਾ ਕੀਤੇ ਸਫਰ ਕਰ ਸਕਦੇ ਹਨ।
ਮੁੱਖ ਮੰਤਰੀ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਅਜਿਹੇ ਟੋਲ ਪਲਾਜ਼ਿਆਂ ਕਾਰਨ ਆਮ ਵਸਤੂਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਕਿਉਂਕਿ ਹਰ ਟੋਲ ਪਾਰ ਕਰਨ ਤੋਂ ਬਾਅਦ ਇਨ੍ਹਾਂ ਵਸਤਾਂ ਦੇ ਟਰਾਂਸਪੋਰਟ ਖਰਚੇ ਵੱਧ ਜਾਂਦੇ ਹਨ। ਭਗਵੰਤ ਮਾਨ ਨੇ ਜੋਰ ਦੇ ਕੇ ਆਖਿਆ ਕਿ ਟੋਲ ਪਲਾਜਾ ਮਾਲਕ ਆਪਣੀ ਮਨਮਰਜੀ ਨਾਲ ਦਰਾਂ ਵਧਾ ਦਿੰਦੇ ਹਨ, ਜਿਸ ਨਾਲ ਆਮ ਆਦਮੀ ਦੀ ਜੇਬ੍ਹ ’ਤੇ ਭਾਰੀ ਬੋਝ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਲੁੱਟ ਨਹੀਂ ਹੋਣ ਦੇਵੇਗੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ।