ਪੈਨਸ਼ਨ ਮੁਲਾਜਮ ਦਾ ਹੱਕ ਹੈ,ਕੋਈ ਖੈਰਾਤ ਨਹੀਂ-ਮਾਨ
"30 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੀ ਧੂਰੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ"
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 17 ਅਕਤੂਬਰ,2022
ਪੈਨਸ਼ਨ ਮੁਲਾਜਮ ਦਾ ਹੱਕ ਹੈ,ਕੋਈ ਖੈਰਾਤ ਨਹੀਂ। ਇਸ ਵਾਰੇ ਭਾਰਤ ਦੀ ਸਰਵ ਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਵਲੋਂ ਇੱਕ ਫੈਸਲੇ ਵਿੱਚ ਹੁਕਮ ਜਾਰੀ ਕੀਤਾ ਸੀ ਕਿ ਪੈਨਸ਼ਨ ਕੋਈ ਬਖਸ਼ਸ਼ ਨਹੀਂ ਹੈ,ਸਗੋਂ ਮੁਲਾਜਮ ਦੀ ਤਨਖਾਹ ਵਿੱਚ ਕੱਟੀ ਹੋਈ ਪੂੰਜੀ ਹੁੰਦੀ ਜੋ ਉਸ ਨੂੰ ਪੈਨਸ਼ਨ ਦੇ ਰੂਪ ਵਿੱਚ ਉਸ ਦੇ ਬੁਢਾਪੇ ਦੌਰਾਨ ਦਿੱਤੀ ਜਾਣੀ ਹੁੰਦੀ ਤਾਂ ਮੁਲਾਜਮ ਦਾ ਬੁਢਾਪਾ ਸੌਖਾ ਲੰਘ ਸਕੇ। ਪਰ ਭਾਰਤ ਦੀਆਂ ਕੇਂਦਰੀ ਅਤੇ ਰਾਜ ਸਰਕਾਰਾਂ ਨੇ ਕਾਰਪੋਰੇਟ ਘਰਾਨਿਆਂ ਨੂੰ ਨਿੱਜੀ ਲਾਭ ਦੇਣ ਖਾਤਰ 2004 ਤੋਂ ਬਾਅਦ ਭਰਤੀ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬੰਦ ਕਰਕੇ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਤੋਹੀਨ ਕੀਤੀ ਹੈ। ਇਹ ਵਿਚਾਰ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੈਟੀ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਬਾਰੇ ਸਰਕਾਰ ਦੀ ਲਾਰੇ-ਲੱਪੇ ਵਾਲੀ ਨੀਤੀ ਦੇ ਖਿਲਾਫ਼ 30 ਅਕਤੂਬਰ ਨੂੰ ਧੂਰੀ ਵਿਖੇ ਹੋਣ ਵਾਲੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਰੈਲੀ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਸ਼੍ਰੀ ਮਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਨਿਊ ਪੈਨਸ਼ਨ ਸਕੀਮ ਤੋੰ ਪੀੜਤ ਲਗਭਗ ਦੋ ਲੱਖ ਮੁਲਾਜਮਾਂ ਨਾਲ ਵਾਇਦਾ ਕੀਤਾ ਸੀ ਕਿ ਜੇਕਰ ਪੰਜਾਬ ਅੰਦਰ ਉਨ੍ਹਾਂ ਦੀ ਸਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਮੁਲਾਜਮਾਂ ਦੀ ਬੰਦ ਹੋਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਹੁਣ ਬਹੁਮਤ ਨਾਲ ਬਣੀ ਹੋਈ ਸਰਕਾਰ ਨੂੰ ਛੇ ਮਹੀਨੇ ਬੀਤ ਚੁੱਕੇ ਹਨ । ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸੰਬੰਧੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ।
ਸ਼੍ਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਵੱਖ-ਵੱਖ ਸਟੇਟਾਂ ਜਿਵੇ ਗੁਜਰਾਤ,ਹਿਮਾਚਲ ਪ੍ਰਦੇਸ ਅਤੇ ਹਰਿਆਣਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਸਮੇਂ ਉਥੋਂ ਦੇ ਮੁਲਾਜਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਇਦਾ ਕਰ ਰਿਹਾ ਹੈ,ਜਦੋਂ ਜਿਨ੍ਹਾਂ ਰਾਜਾਂ ਵਿੱਚ ਇਨ੍ਹਾਂ ਦੀ ਸਰਕਾਰ ਮੌਜੂਦ ਹੈ,ਉਥੇ ਪੁਰਾਣੀ ਪੈਨਸ਼ਨ ਬਹਾਲ ਨਹੀ ਕੀਤੀ ਗਈ। ਇਸ ਲਈ ਮੁਲਾਜਮ ਹੁਣ ਇਨ੍ਹਾਂ ਦੀ ਚਾਲਾਂ ਵਿੱਚ ਨਹੀਂ ਆਊਣਗੇ। ਸਗੋਂ ਧੂਰੀ ਦੀ ਧਰਤੀ ਉੱਤੇ ਲੱਖਾਂ ਦਾ ਇੱਕਠ ਕਰਕੇ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਨੂੰ ਜਗਾਉਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫ਼ਿਕੇਸ਼ਨ ਕਰਕੇ ਦਿਵਾਲੀ ਦਾ ਤੋਹਫਾ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮਨਜੀਤ ਕੌਰ,ਨਰਿੰਦਰ ਕੌਰ,ਸੋਨੀਆ,ਮਨਜੀਤ,ਰੇਨੂ ਬਾਲਾ ਅਤੇ ਰਵੀ ਵੀ ਮੌਜੂਦ ਸਨ।
ਕੈਪਸ਼ਨ: ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਮੈਂਬਰ ਪ੍ਰੈਸ ਨੂੰ ਧੂਰੀ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ।