ਅਧਿਆਪਕਾਂ ਜਥੇਬੰਦੀਆਂ ਵਲੋਂ 30 ਅਕਤੂਬਰ ਨੂੰ ਸ਼ਿਮਲਾ ਵਿਖੇ 'ਪੋਲ ਖੋਲ' ਧਰਨਾ
ਹਿਮਾਚਲ ਦੇ ਚੋਣ ਇੰਚਾਰਜ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੰਗਾਂ ਪੂਰੀਆਂ ਨਾ ਕਰਨ ਦਾ ਵਿਰੋਧ
26 ਅਕਤੂਬਰ ( ):
ਆਮ ਆਦਮੀ ਪਾਰਟੀ ਵਲੋਂ ਸਿੱਖਿਆ ਨੂੰ ਪ੍ਰਮੁਖਤਾ ਦੇਣ ਦਾਅਵੇ ਦਾ ਸੱਚ ਉਜਾਗਰ ਕਰਨ, ਦੂਜੇ ਸੂਬਿਆਂ ਵਿਚ ਪੰਜਾਬ ਦੇ ਖਜ਼ਾਨੇ ਦੇ ਸਹਾਰੇ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਦੀ ਪੋਲ ਖੋਲਣ ਅਤੇ ਅਧਿਆਪਕਾਂ ਦੇ ਬੇਇਨਸਾਫ਼ੀ ਤੇ ਪੱਖਪਾਤ ਨਾਲ ਸਬੰਧਤ 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (ਈ.ਟੀ.ਟੀ. 4500) ਦੇ ਸਾਰੇ ਲਾਭ ਬਹਾਲ ਕਰਨ ਅਤੇ ਓ.ਡੀ.ਐਲ. ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ, ਤੋਂ ਇਨਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਤੇ ਹਿਮਾਚਲ ਪ੍ਰਦੇਸ਼ 'ਆਪ' ਦੇ ਚੋਣ ਇੰਚਾਰਜ ਹਰਜੋਤ ਸਿੰਘ ਬੈਂਸ ਖ਼ਿਲਾਫ਼ ਡੀ.ਟੀ.ਐਫ., ਈਟੀਟੀ 6505 ਅਤੇ ਓ.ਡੀ.ਐੱਲ. ਯੂਨੀਅਨ ਵਲੋਂ 30 ਅਕਤੂਬਰ ਨੂੰ ਸਿਮਲਾ (ਹਿਮਾਚਲ ਪ੍ਰਦੇਸ਼) ਵਿਖੇ 'ਪੋਲ ਖੋਲ' ਧਰਨਾ ਲਗਾਇਆ ਜਾਵੇਗਾ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਦੇ ਪ੍ਰਧਾਨ ਕਮਲ ਠਾਕੁਰ ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਦੇ ਪ੍ਰਧਾਨ ਬਲਜਿੰਦਰ ਗਰੇਵਾਲ ਕਿਹਾ ਕਿ ਮਿਆਰੀ ਸਿੱਖਿਆ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ, ਸਿੱਖਿਆ ਪ੍ਰਬੰਧ ਨੂੰ ਸੁਧਾਰਨ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਹਾਲੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਸਟਾਫ ਦੀਆਂ 25000 ਤੋਂ ਵਧੇਰੇ ਅਸਾਮੀਆਂ ਖਾਲੀ ਹਨ। ਇਸੇ ਪ੍ਰਕਾਰ ਪੰਜਾਬ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਅਤੇ ਸਕੂਲ ਪ੍ਰਿੰਸੀਪਲ ਦੀਆਂ 40 ਫੀਸਦੀ ਪੋਸਟਾਂ ਖਾਲੀ ਹਨ। ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਜ਼ਿਲ੍ਹੇ ਰੂਪਨਗਰ ਵਿੱਚ ਸਾਰੇ ਦੇ ਸਾਰੇ ਸਿੱਖਿਆ ਬਲਾਕ ਬਿਨਾਂ ਕਿਸੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੋਂ ਹੀ ਚੱਲ ਰਹੇ ਹਨ। ਪੰਜਾਬ ਦੇ ਸਾਰੇ 19,200 ਸਰਕਾਰੀ ਸਕੂਲਾਂ ਨੂੰ ਮਿਆਰੀ ਬਣਾਉਣ ਦੀ ਥਾਂ ਇਸ ਵਿਦਿਅਕ ਸੈਸ਼ਨ ਵਿਚ ਮਹਿਜ 100 ਸਕੂਲ਼ ਵਧੀਆ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸਿੱਖਿਆ ਦੇ ਨਿਜੀਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਵਲੋਂ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਚਿਰਾਂ ਤੋਂ ਲਟਕਦੇ ਮਸਲਿਆਂ ਸਮੇਤ 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (ਈ.ਟੀ.ਟੀ. 4500) ਦੇ ਸਾਰੇ ਲਾਭ ਬਹਾਲ ਕਰਨ ਅਤੇ ਓ.ਡੀ.ਐਲ. ਅਧਿਆਪਕਾਂ (3442, 7654, 5178 ਭਰਤੀਆਂ) ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਵੱਲ ਕੋਈ ਧਿਆਨ ਦੇਣ ਦੀ ਥਾਂ, ਸੰਘਰਸ਼ੀ ਅਧਿਆਪਕਾਂ ਨੂੰ ਧਮਾਉਣ ਵਾਲੇ ਬਿਆਨ ਦਿੱਤੇ ਜਾ ਰਹੇ ਹਨ। ਜਿਸ ਕਾਰਨ 30 ਅਕਤੂਬਰ ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਪੰਜਾਬ ਦੀ 'ਆਪ' ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਉਪਰੰਤ 6 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਅਨੰਦਪੁਰ ਸਾਹਿਬ ਰਿਹਾਇਸ਼ ਦਾ ਘਿਰਾਓ ਅਤੇ ਗੁਜਰਾਤ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਦੀ ਵਾਅਦਾ ਖਿਲਾਫੀ ਨੂੰ ਉਜਾਗਰ ਕਰਦੇ ਪ੍ਰਦਰਸ਼ਨ ਕੀਤੇ ਜਾਣਗੇ।