ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ਼ ਹੋਈ ਮੀਟਿੰਗ, ਹੋਏ ਅਹਿਮ ਐਲਾਨ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ਼ ਹੋਈ ਮੀਟਿੰਗ* 


ਚੰਡੀਗੜ੍ਹ 12 ਅਕਤੂਬਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸਰਕਟ ਹਾਊਸ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈੰਸ ਨਾਲ ਸੁਰਿੰਦਰ ਕੁਮਾਰ ਪੁਆਰੀ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਰਿੰਦਰ ਕੰਬੋਜ, ਗੁਰਜੰਟ ਸਿੰਘ ਵਾਲੀਆ, ਸੁਖਜਿੰਦਰ ਸਿੰਘ ਹਰੀਕਾ, ਬਿਕਰਮਜੀਤ ਸਿੰਘ ਕੱਦੋਂ, ਸੁਲੱਖਣ ਸਿੰਘ ਬੇਰੀ ਅਤੇ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਅਧਿਆਪਕਾਂ ਦੇ ਹੋਰਨਾਂ ਮੁੱਦਿਆਂ ਤੋਂ ਬਿਨਾਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ਾਂ ਅਤੇ ਨਿਜੀ ਰੰਜਿਸ਼ਾਂ ਕਾਰਨ ਉੱਚ ਅਧਿਕਾਰੀਆਂ ਵਲੋਂ ਕੀਤੀਆਂ ਗਈਆਂ ਵਿਕਟਮਾਈਜੇਸ਼ਨਾਂ ਬਹੁਤ ਜਲਦੀ ਰੱਦ ਕਰਨ ਬਾਰੇ ਸਹਿਮਤੀ ਬਣੀ। ਸਾਲ 2018 ਵਿੱਚ ਬਣਾਏ ਗਏ ਅਧਿਆਪਕ ਵਿਰੋਧੀ ਸੇਵਾ ਨਿਯਮ ਬਹੁਤ ਜਲਦ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸੋਧੇ ਜਾਣ ਦਾ ਫੈਸਲਾ ਹੋਇਆ। ਇਨ੍ਹਾਂ ਸੇਵਾ ਨਿਯਮਾਂ ਕਾਰਨ ਸਿੱਧੀ ਭਰਤੀ ਅਤੇ ਪਦਉਨਤ ਅਧਿਆਪਕਾਂ ਲਈ ਸਾਲਾਨਾ ਤਰੱਕੀਆਂ ਅਤੇ ਪਰਖ ਸਮੇਂ ਲਈ ਮੁਸੀਬਤ ਬਣੀ ਵਿਭਾਗੀ ਪ੍ਰੀਖਿਆ ਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ। 



ਅਧਿਆਪਕਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਵਰਗਾਂ ਦੀਆਂ ਲਟਕੀਆਂ ਪ੍ਰਮੋਸ਼ਨਾਂ ਤੁਰੰਤ ਕਰਨ ਦੀ ਜ਼ੋਰਦਾਰ ਮੰਗ ਤੇ ਸਿੱਖਿਆ ਮੰਤਰੀ ਵਲੋਂ ਸਾਰੇ ਵਰਗਾਂ ਦੀਆਂ ਪ੍ਰੋਮੋਸ਼ਨਾਂ ਬਹੁਤ ਜਲਦੀ ਕਰਨ ਬਾਰੇ ਸਹਿਮਤੀ ਦਿੱਤੀ, ਭਾਵੇਂ ਅਦਾਲਤੀ ਮਾਮਲੇ ਚਲ ਰਹੇ ਹੋਣ। ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਖਾਲੀ ਪੋਸਟਾਂ ਸੀਨੀਆਰਤਾ ਦੇ ਆਧਾਰ 'ਤੇ ਅਗਲੇ ਹਫ਼ਤੇ ਤੱਕ ਭਰਨ ਬਾਰੇ ਸਹਿਮਤੀ ਬਣੀ। ਪੰਜਾਬ ਦੇ ਲਗਭਗ ਅੱਧੇ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸਖਣੇ ਹੋਣ ਕਾਰਨ ਤੁਰੰਤ ਪ੍ਰਮੋਸ਼ਨਾਂ ਦੀ ਮੰਗ ਤੇ 238 ਪ੍ਰਿੰਸੀਪਲ ਅਗਲੇ ਹਫ਼ਤੇ ਤੱਕ ਪ੍ਰੋਮੋਟ ਕਰਨ ਫੈਸਲਾ ਹੋਇਆ। ਅਧਿਆਪਕ ਬਦਲੀ ਨੀਤੀ ਵਿੱਚ ਮੋਰਚੇ ਵੱਲੋੰ ਦਿੱਤੇ ਸੁਝਾਵਾਂ ਅਨੁਸਾਰ ਜਿਸ ਵਿੱਚ 50% ਸਟਾਫ ਦੀ ਸ਼ਰਤ ਖਤਮ ਕਰਨ, ਜਨਵਰੀ ਵਿੱਚ ਹੋਣ ਵਾਲੀਆਂ ਬਦਲੀਆਂ ਵਿੱਚ ਪਦਉਨਤ ਅਧਿਆਪਕਾਂ ਅਤੇ ਆਪਸੀ ਬਦਲੀ ਲਈ ਠਹਿਰ ਦੀ ਸ਼ਰਤ ਹਟਾਉਣ ਦਾ ਫੈਸਲਾ ਹੋਇਆ। ਆਗੂਆਂ ਨੇ ਨਵ- ਨਿਯੁਕਤ ਅਧਿਆਪਕਾਂ ਨੂੰ ਪਿਤਰੀ ਜ਼ਿਲ੍ਹਿਆਂ ਵਿੱਚ ਬਿਨਾਂ ਸ਼ਰਤ ਸ਼ਿਫਟ ਕਰਨ ਦੀ ਮੰਗ ਕੀਤੀ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਕਾਰਵਾਈ ਦਾ ਮੋਰਚੇ ਵਲੋਂ ਸਵਾਗਤ ਕਰਦਿਆਂ ਪੂਰੇ ਲਾਭ ਦੇਣ ਅਤੇ ਰਹਿੰਦੇ ਹਰ ਵਰਗ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਗਈ। ਪਿਕਟਸ ਸੁਸਾਇਟੀ ਵਿੱਚ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਦੀ ਮੰਗ ਤੇ ਸਿੱਖਿਆ ਮੰਤਰੀ ਵਲੋਂ ਜਲਦ ਹੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ।

           ਅਧਿਆਪਕਾਂ ਤੋਂ ਪੜ੍ਹਾਉਣ ਤੋਂ ਬਿਨਾਂ ਵਾਧੂ ਗੈਰਵਿਦਿਅਕ ਕੰਮ (ਸਮੇਤ ਬੀ. ਐਲ. ਓ. ਡਿਊਟੀ) ਲੈਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਅਧਿਆਪਕਾਂ ਅਤੇ ਮੁਲਾਜ਼ਮਾਂ ਵਲੋਂ ਲਹੂ ਵੀਟਵੇਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕਰਨ, ਪੇੰਡੂ ਭੱਤੇ ਸਮੇਤ 39 ਭੱਤੇ ਜੋ ਤਰਕਸੰਗਤ ਵਾਧਾ ਕਰਨ ਦੇ ਬਹਾਨੇ ਨਾਲ ਬੰਦ ਕੀਤੇ ਗਏ ਹਨ, ਤੁਰੰਤ ਬਕਾਏ ਸਮੇਤ ਦੇਣ ਦੀ ਮੰਗ ਕੀਤੀ ਗਈ। 5ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਦਿੱਤੀ ਗਈ ਉਚੇਰੀ ਗਰੇਡ ਪੇਅ ਸਮੇਤ 1 ਜਨਵਰੀ 2016 ਤੋਂ ਬਣਦੇ 125% ਮਹਿੰਗਾਈ ਭੱਤਾ ਜੋੜ ਕੇ ਤਨਖਾਹ ਦੁਹਰਾਈ ਦਾ ਲਾਭ ਦੇਣ ਦੀ ਮੰਗ ਕੀਤੀ। ਐੱਸ ਐੱਲ ਏ ਦੀ ਅਸਾਮੀ ਦਾ ਨਾਮ ਬਹੁਤ ਜਲਦ ਬਦਲਣ ਬਾਰੇ ਸਹਿਮਤੀ ਹੋਈ। ਸਿੱਧੀ ਭਰਤੀ ਵਾਲੇ ਅਧਿਆਪਕਾਂ ਦੇ ਪਰਖ ਸਮੇਂ ਬਾਰੇ ਮੁੜ ਵਿਚਾਰ ਕਰਨ ਬਾਰੇ ਸਹਿਮਤੀ ਬਣੀ। ਮੋਰਚੇ ਦੇ ਆਗੂਆਂ ਵਲੋਂ ਵਿਭਾਗ ਵਿੱਚ ਚਲ ਰਹੇ ਸਮੂਹ ਪ੍ਰੋਜੈਕਟ ਬੰਦ ਕਰਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਮੌਕਾ ਦੇਣ ਦੀ ਮੰਗ ਕੀਤੀ। ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਉੱਪਰ ਬਹੁਤ ਜਲਦ ਮੋਰਚੇ ਨੂੰ ਦੁਬਾਰਾ ਮੀਟਿੰਗ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਗੁਰਬਿੰਦਰ ਸਿੰਘ ਸਸਕੌਰ, ਬਲਜੀਤ ਬੱਲੀ, ਜਸਪਾਲ ਸੰਧੂ, ਕ੍ਰਿਸ਼ਨ ਸਿੰਘ ਦੁੱਗਾਂ, ਅਜੀਤਪਾਲ ਸਿੰਘ ਜੱਸੋਵਾਲ, ਗੁਰਵਿੰਦਰ ਸਿੰਘ ਜੁਲਾਣ, ਵਿਨੀਤ ਕੁਮਾਰ, ਅਮਰਜੀਤ ਸਿੰਘ, ਸੰਦੀਪ ਕੁਮਾਰ, ਰਜਿੰਦਰ ਸਿੰਘ ਰਾਜਨ, ਆਦਿ ਹਾਜ਼ਰ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends