~ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਬੁਲੰਦ ਕੀਤੀ ਜਾ ਰਹੀ ਸੰਘਰਸ਼ੀ ਅਵਾਜ਼ ਦਾ ਹੋਇਆ ਅਹਿਮ ਅਸਰ
~ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਬਿਆਨ
ਮੁੱਖ ਮੰਤਰੀ ਦਾ ਟਵੀਟਰ ਬਿਆਨ ਸਵਾਗਤਯੋਗ,ਪਰ ਇਹ ਬਿਆਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਕੇਵਲ ਸਿਆਸੀ ਲਾਹਾ ਲੈਣ ਦਾ ਜੁਮਲਾ ਸਾਬਤ ਨਾ ਹੋਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਸਮਾਂਬੱਧ ਢੰਗ ਨਾਲ਼ ਲਾਗੂ ਕਰੇ ਪੰਜਾਬ ਸਰਕਾਰ : ਪੀ.ਪੀ.ਪੀ.ਐੱਫ਼
ਅਮਿ੍ਤਸਰ, 20ਸਤੰਬਰ ( ) :ਮੁੱਖ ਮੰਤਰੀ ਭਗਵੰਤ ਮਾਨ ਵੱਲੋੰ ਟਵੀਟਰ ਉੱਤੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਸਰਕਾਰ ਵੱਲੋਂ ਵਿਚਾਰਨ ਸਬੰਧੀ ਜਾਰੀ ਕੀਤੇ ਬਿਆਨ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਲੜੇ ਜਾ ਰਹੇ ਸੰਘਰਸ਼ ਦਾ ਨਤੀਜਾ ਐਲਾਨਿਆ ਹੈ ,ਜਿਸ ਸਦਕਾ ਛੇ ਮਹੀਨਿਆਂ ਦੀ ਵੱਟੀ ਚੁੱਪ ਨੂੰ ਤੋੜਕੇ ਆਪ ਸਰਕਾਰ ਨੇ ਪੁਰਾਣੀ ਪੈਨਸ਼ਨ ਸਬੰਧੀ ਪਹਿਲਾ ਜਨਤਕ ਬਿਆਨ ਜਾਰੀ ਕੀਤਾ ਹੈ। ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ, ਜਸਵੀਰ ਭੰਮਾਂ, ਹਰਵਿੰਦਰ ਅੱਲੂਵਾਲ ਵੱਲੋੰ ਆਪ ਸਰਕਾਰ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਨਿਸ਼ਚਿਤ ਸਮਾਂ ਸੀਮਾ ਅੰਦਰ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦੀ 15000 ਕਰੋੜ ਤੋਂ ਵੱਧ ਦੀ ਸਾਂਝੀ ਸੰਪਤੀ ਨੂੰ ਕੇਂਦਰੀ ਅਦਾਰੇ ਪੀ.ਐੱਫ.ਆਰ.ਡੀ.ਏ(PFRDA) ਤੋਂ ਪ੍ਰਾਪਤ ਕਰਨ ਲਈ ਸੂਬੇ ਦੇ ਅਧਿਕਾਰਾਂ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਡੱਟਵਾਂ ਅਤੇ ਸਪੱਸ਼ਟ ਪੱਖ ਲੈਣ ਦੀ ਮੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਆਪ ਪਾਰਟੀ ਦੇ ਆਗੂਆਂ ਵੱਲੋੰ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੇ ਹੱਕ ਵਿੱਚ ਵੱਡੇ ਜਨਤਕ ਐਲਾਨ ਕੀਤੇ ਗਏ ਸਨ। ਪਰ ਸੱਤਾ ਵਿੱਚ ਆਉਣ ਦੇ ਛੇ ਮਹੀਨਿਆਂ ਦੇ ਬਾਵਜੂਦ ਆਪ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਲਾਗੂ ਕਰਨ ਬਾਰੇ ਧਾਰੀ ਚੁੱਪ ਕਾਰਨ ਐੱਨ.ਪੀ.ਐੱਸ ਮੁਲਾਜ਼ਮਾਂ ਅੰਦਰ ਰੋਹ ਦੀ ਭਾਵਨਾ ਉੱਠ ਰਹੀ ਸੀ ਜਿਸ ਦਾ ਪ੍ਰਗਟਾਵਾ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਸੰਗਰੂਰ ਰੈਲੀ ਵਿੱਚ, ਮੁਲਾਜ਼ਮਾਂ ਵੱਲੋੰ ਪੁਰਾਣੀ ਪੈਨਸ਼ਨ ਦੀ ਮੁੱਖ ਮੰਗ ਨੂੰ ਲੈ ਕੇ ਕੀਤੀ ਵੱਡੀ ਸ਼ਮੂਲੀਅਤ ਰਾਹੀੰ ਕੀਤਾ ਗਿਆ ਸੀ।
ਫਰੰਟ ਦੇ ਵਿੱਤ ਸਕੱਤਰ ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਸਤਪਾਲ ਸਮਾਣਵੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਪੁਰਾਣੀ ਪੈਨਸ਼ਨ ਸਬੰਧੀ ਜਾਰੀ ਕੀਤਾ ਬਿਆਨ ਸਵਾਗਤਯੋਗ ਹੈ ਪਰ ਇਸ ਟਵੀਟਰ ਬਿਆਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਮੁਲਾਜ਼ਮਾਂ ਨੂੰ ਆਪਣੀ ਲਹਿਰ ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ। ਹਿਮਾਚਲ ਪ੍ਰਦੇਸ਼,ਗੁਜਰਾਤ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਸਿਆਸੀ ਪਾਰਟੀਆਂ ਵੱਲੋੰ ਕੀਤੇ ਜਾ ਰਹੇ ਲੋਕ ਲੁਭਾਊ ਐਲਾਨਾਂ,ਵਾਅਦਿਆਂ ਦੇ ਦੌਰ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਇੱਕਮੁੱਠ ਸੰਘਰਸ਼ੀ ਲਹਿਰ ਦੀ ਉਸਾਰੀ ਹੀ ਹੱਕੀ ਮੰਗਾਂ ਦੀ ਪ੍ਰਾਪਤੀ ਦਾ ਹਕੀਕੀ ਰਾਹ ਹੈ।
ਜ਼ਿਲਾ ਆਗੂਆਂ ਨਿਰਮਲ ਸਿੰਘ, ਰਾਜੇਸ਼ ਪਰਾਸ਼ਰ, ਮਨਪ੍ਰੀਤ ਸਿੰਘ, ਪਰਮਿੰਦਰ ਰਾਜਾਸਾਂਸੀ,ਕੁਲਦੀਪ ਤੋਲਾਨੰਗਲ, ਮੁਨੀਸ਼ ਪੀਟਰ, ਬਲਦੇਵ ਮੰਨਣ, ਬਖਸ਼ੀਸ਼ ਬਲ, ਚਰਨਜੀਤ ਭੱਟੀ, ਗੁਰਪੀਤ ਨਾਭਾ,ਸ਼ਮਸ਼ੇਰ ਸਿੰਘ, ਬਲਦੇਵ ਖਤਰਾਏ ਵੱਲੋਂ ਵੀ ਸੂਬਾ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਟਵੀਟਰ ਬਿਆਨ ਤੇ ਦਿੱਤੇ ਪੱਖ ਨਾਲ ਸਹਿਮਤੀ ਪ੍ਰਗਟਾਈ ਗਈ।