ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਹਾਜ਼ਰੀ ਵਿੱਚ ਬਲਦੇਵ ਸਿੰਘ ਨੇ ਪਨਗ੍ਰੇਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਚੰਡੀਗੜ੍ਹ, 9 ਸਤੰਬਰ:
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਹਾਜ਼ਰੀ ਵਿੱਚ ਅੱਜ ਸਥਾਨਕ ਸੈਕਟਰ-39 ਦੇ ਅਨਾਜ ਭਵਨ ਵਿਖੇ ਸ੍ਰੀ ਬਲਦੇਵ ਸਿੰਘ ਨੇ ਪਨਗ੍ਰੇਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਉਹਨਾਂ ਆਮ ਆਦਮੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਸ੍ਰੀ ਲਾਲ ਚੰਦ ਕਟਾਰੂਚੱਕ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ੍ਰੀ ਬਲਦੇਵ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਇਹਨਾਂ ਆਗੂਆਂ ਵੱਲੋਂ ਉਹਨਾਂ ‘ਤੇ ਪ੍ਰਗਟਾਏ ਗਏ ਭਰੋਸੇ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।
ਇਸ ਮੌਕੇ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਇਮਾਨਦਾਰ, ਨਿਰਪੱਖ ਅਤੇ ਅਗਾਂਹਵਧੂ ਸੋਚ ਵਾਲੇ ਆਗੂਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ ਅਤੇ ਪਨਗ੍ਰੇਨ ਦੇ ਚੇਅਰਮੈਨ ਵਜੋਂ ਇੱਕ ਇਮਾਨਦਾਰ ਆਗੂ ਸ੍ਰੀ ਬਲਦੇਵ ਸਿੰਘ ਦੀ ਨਿਯੁਕਤੀ ਵੀ ਇਸੇ ਸੋਚ ਦਾ ਹਿੱਸਾ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਗਾਰੰਟੀਆਂ ਦੇਣ ਦਾ ਵਾਅਦਾ ਚੋਣਾਂ ਦੌਰਾਨ ਕੀਤਾ ਗਿਆ ਸੀ, ਉਹ ਵਾਅਦਾ ਸੂਬਾ ਸਰਕਾਰ ਵੱਲੋਂ ਪੂਰਾ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਸਰਕਾਰ ਹਰ ਹਿੱਲੇ ਪਹਿਰਾ ਦੇਵੇਗੀ ਅਤੇ ਇਸੇ ਤਹਿਤ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਸਿਰਜਣਾ ਕੀਤੀ ਜਾਵੇਗੀ।