ਗਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕ ਲੈ ਸਕਦੇ ਹਨ ਪੈਨਸ਼ਨ ਦਾ ਲਾਭ - ਡੀ.ਸੀ.
ਫਤਹਿਗੜ੍ਹ ਸਾਹਿਬ 22 ਸਤੰਬਰ
ਸਰਕਾਰ ਦੁਆਰਾ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਅਧੀਨ ਸਮੁੱਚੇ ਪੰਜਾਬ ਰਾਜ ਅੰਦਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਵੱਖ ਵੱਖ ਵਿੱਤੀ ਸਹਾਇਤਾ ਸਕੀਮਾਂ ਦਿੱਤੀਆਂ ਜਾਂਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਅਧੀਨ ਜੋ ਮਰਦ ਅਤੇ ਔਰਤ ਜਿਹਨਾਂ ਦੀ ਉਮਰ 60 ਸਾਲ ਤੋਂ ਲੈ ਕੇ 79 ਸਾਲ ਤੱਕ ਹੈ, ਉਹਨਾਂ ਨੂੰ 200/- ਰੁਪਏ ਪ੍ਰਤੀ ਮਹੀਨਾਂ ਅਤੇ 80 ਸਾਲ ਜਾਂ ਇਸ ਤੋਂ ਉਪਰ ਵਾਲੇ ਵਿਅਕਤੀ ਨੂੰ 500/-ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਪੈਨਸ਼ਨ ਲਾਭ ਦਿੱਤਾ ਜਾਂਦਾ ਹੈ। ਇਸੇ ਤਰਾਂ ਹੀ ਇੰਦਰਾ ਗਾਂਧੀ ਰਾਸ਼ਟਰੀ ਵਿਧਵਾ ਪੈਨਸ਼ਨ ਸਕੀਮ ਜੋ ਕਿ ਵਿਧਵਾ ਔਰਤ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਸਕੀਮ ਹੈ, ਇਸ ਸਕੀਮ ਅੰਦਰ ਉਹ ਵਿਧਵਾ ਔਰਤਾਂ ਜਿਹਨਾਂ ਦੀ ਉਮਰ 40 ਸਾਲ ਤੋਂ ਲੈ ਕੇ 79 ਸਾਲ ਤੱਕ ਨੂੰ 300/- ਪ੍ਰਤੀ ਮਹੀਨਾ ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੀਆਂ ਵਿਧਵਾ ਔਰਤਾਂ ਨੂੰ 500/- ਪ੍ਰਤੀ ਮਹੀਨਾਂ ਦੇ ਨਾਲ ਪੈਨਸ਼ਨ ਲਾਭ ਦਿੱਤਾ ਜਾਂਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਇੰਦਰਾ ਗਾਂਧੀ ਰਾਸ਼ਟਰੀ ਅਪੰਗ ਪੈਨਸ਼ਨ ਸਕੀਮ ਅਧੀਨ ਜੋ ਦਿਵਿਆਂਗਜਨ ਵਿਅਕਤੀ 80ਫੀਸਦੀ ਜਾਂ ਇਸ ਤੋਂ ਉਪਰ ਅਪੰਗਤਾ ਵਾਲੇ ਹਨ ਅਤੇ ਜਿਹਨਾਂ ਦੀ ਉਮਰ 18 ਸਾਲ ਤੋਂ ਲੈ ਕੇ 79 ਸਾਲ ਤੱਕ ਦੀ ਹੈ ਤਾਂ 300/- ਰੁਪਏ ਪ੍ਰਤੀ ਮਹੀਨਾਂ ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਦਿਵਿਆਂਗਜਨ ਵਿਅਕਤੀ ਨੂੰ 500/- ਰੁਪਏ ਪ੍ਰਤੀ ਮਹੀਨਾਂ ਪੈਨਸ਼ਨ ਲਾਭ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਤਹਿਤ ਸਰਕਾਰ ਦੁਆਰਾ 20,000/- ਰੁਪਏ ਦੀ ਵਿੱਤੀ ਸਹਾਇਤਾ ਕੇਵਲ ਅਜਿਹੇ ਪਰਿਵਾਰ ਦੇ ਕਮਾਉ ਮੁਖੀ ਦੀ ਮੌਤ ਹੋਣ ਮਗਰੋਂ ਇੱਕ ਸਾਲ ਦੇ ਅੰਦਰ ਇਹ ਫਾਰਮ ਅਪਲਾਈ ਕਰਕੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਇਸ ਸਬੰਧੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਬਿਨੈਕਾਰ ਕੋਲ ਬੀ.ਪੀ.ਐਲ ਕੈਟਾਗਿਰੀ ਦਾ ਕਾਰਡ ਅਤੇ ਸੈਕਡਾਟਾ ਵਿੱਚ ਨਾਮ ਹੋਣਾ ਲਾਜ਼ਮੀ ਹੈ ਤਾਂ ਹੀ ਉਹ ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਯੋਗ ਬਿਨੈਕਾਰ ਇਹਨਾਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਉਹ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਅਤੇ ਇਹਨਾਂ ਸਬੰਧੀ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਨੇੜੇ ਦੇ ਸੀ.ਡੀ.ਪੀ.ਓ ਦਫਤਰਾਂ ਨਾਲ ਸਪੰਰਕ ਕਰਨ।