ਪੰਜਾਬ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਅਨੁਸਾਰ 'ਆਪ' ਸਰਕਾਰ ਵੱਖ-ਵੱਖ ਭਰਤੀਆਂ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਨ੍ਹਾਂ 'ਚੋਂ ਕੁਝ ਭਰਤੀਆਂ ਸ਼ੁਰੂ ਹੋ ਚੁੱਕੀਆਂ ਹਨ। ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਲਦ ਹੀ 8 ਵਿਭਾਗਾਂ 'ਚ ਕਲਾਸ-2 ਤੋਂ ਕਲਾਸ-4 ਤੱਕ ਦੀਆਂ ਖਾਲੀ 16000 ਅਸਾਮੀਆਂ ਨੂੰ ਭਰਿਆ ਜਾਵੇਗਾ।
ਇਸ ਦੇ ਲਈ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕਰਕੇ ਉਕਤ ਵਿਭਾਗਾਂ ਵਿੱਚ ਕਿਹੜੇ-ਕਿਹੜੇ ਰੈਂਕ ਦੀਆਂ ਅਸਾਮੀਆਂ ਖਾਲੀ ਹਨ, ਇਸ ਸਬੰਧੀ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਐਮ ਭਗਵੰਤ ਮਾਨ ਨੇ ਇਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਵਿਭਾਗਾਂ ਵਿੱਚ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਅਤੇ 30 ਦਿਨਾਂ ਦੇ ਸਮੇਂ ਵਿਚ ਮੁਖ ਮੰਤਰੀ ਦਫਤਰ ਨੂੰ ਰਿਪੋਰਟ ਕਰਨ।
ਕਿਹੜੇ -ਕਿਹੜੇ ਵਿਭਾਗਾਂ ਵਿਚ ਹੋਵੇਗੀ ਭਰਤੀ?
ਪੰਜਾਬ ਸਰਕਾਰ ਇਹ ਭਰਤੀ ਸਿੱਖਿਆ, ਸਿਹਤ, ਮਾਲ, ਸਮਾਜ ਭਲਾਈ, ਪੰਜਾਬ ਪੁਲਿਸ, ਲੋਕਲ ਬਾਡੀ, ਪਬਲਿਕ ਹੈਲਥ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿੱਚ ਕਰ ਰਹੀ ਹੈ।
ਦੈਨਿਕ ਭਾਸਕਰ ਵਿਚ ਛਪੀ ਰਿਪੋਰਟ ਅਨੁਸਾਰ ਇਨ੍ਹਾਂ ਵਿਭਾਗਾਂ ਵਿੱਚ ਕਲਾਸ-2 ਤੋਂ ਲੈ ਕੇ ਕਲਾਸ-4 ਤੱਕ ਵੱਖ-ਵੱਖ ਅਸਾਮੀਆਂ ਖਾਲੀ ਪਈਆਂ ਹਨ। ਲੋਕਾਂ ਨੂੰ ਆਪਣੇ ਕੰਮ ਲਈ ਇੱਕ ਤੋਂ ਵੱਧ ਵਾਰ ਜਾਣਾ ਪੈਂਦਾ ਹੈ , ਕਿਉਂਕਿ ਛੁੱਟੀ ’ਤੇ ਗਏ ਮੁਲਾਜ਼ਮ ਦੇ ਕੰਮ ਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ। ਇਸੇ ਲਈ ਸਰਕਾਰ ਹੁਣ ਉਕਤ ਭਰਤੀਆਂ ਕਰਨ ਜਾ ਰਹੀ ਹੈ।
ਕਿ ਕਹਿਣਾ ਹੈ ਵਿੱਤ ਮੰਤਰੀ ਪੰਜਾਬ ਦਾ?
ਦੈਨਿਕ ਭਾਸਕਰ ਅਨੁਸਾਰ ਵਿੱਤ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਹੈ। ਖਾਲੀ ਅਸਾਮੀਆਂ ਦਾ ਵੇਰਵਾ ਮੰਗਿਆ ਗਿਆ ਹੈ। ਰਿਪੋਰਟ ਮਿਲਦੇ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।