PATIALA: 16 ਅਗਸਤ ਨੂੰ ਛੁੱਟੀ ਦਾ ਐਲਾਨ

 ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ


-ਭਗਵੰਤ ਮਾਨ ਸਰਕਾਰ ਦੇ ਸੁਹਿਰਦ ਫ਼ੈਸਲਿਆਂ ਕਰਕੇ ਸੂਬੇ ਦੀ ਮਾਲੀ ਹਾਲਤ ਸੁਧਰਨ ਲੱਗੀ-ਹਰਪਾਲ ਸਿੰਘ ਚੀਮਾ


-ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਤੇ ਵਿਲੱਖਣ ਪ੍ਰਾਪਤੀਆਂ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ


ਪਟਿਆਲਾ, 15 ਅਗਸਤ:

ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਤਿਰੰਗਾ ਲਹਿਰਾਇਆ। ਸਮਾਗਮ 'ਚ ਉਨ੍ਹਾਂ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਗੁਰਲਾਲ ਘਨੌਰ, ਡਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਦੀਪਕ ਪਾਰੀਕ ਵੀ ਮੌਜੂਦ ਸਨ। 



ਸ਼ਾਨਦਾਰ ਪਰੇਡ ਦੇ ਨਿਰੀਖਣ ਤੋਂ ਬਾਅਦ ਵਿੱਤ ਮੰਤਰੀ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਸੁਤੰਤਰਤਾ ਸੰਗਰਾਮੀ ਮੋਹਕਮ ਸਿੰਘ ਚੌਹਾਨ ਸਮੇਤ ਆਜ਼ਾਦੀ ਘੁਲਾਟੀਆਂ ਦੇ ਉਤਰਾਧਿਕਾਰੀਆਂ ਨੂੰ ਮਿਲਕੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦਾ ਸਨਮਾਨ ਕੀਤਾ।

ਇਸ ਮਗਰੋਂ ਆਪਣੇ ਸੰਦੇਸ਼ 'ਚ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੇਸ਼ ਦੇ ਮਹਾਨ ਸ਼ਹੀਦਾਂ, ਵੱਖ-ਵੱਖ ਲਹਿਰਾਂ ਦੇ ਸ਼ਹੀਦਾਂ ਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ 'ਤੇ ਆਰੰਭੇ ਸੰਘਰਸ਼ਾਂ 'ਚ ਪਾਏ ਯੋਗਦਾਨ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਹਾਰਦਿਕ ਵਧਾਈ ਦਿੱਤੀ। 

ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਵੱਲੋਂ 80 ਫੀਸਦੀ ਤੋਂ ਵੱਧ ਦਿੱਤੀਆਂ ਕੁਰਬਾਨੀਆਂ ਦੇ ਹਵਾਲੇ ਨਾਲ ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਹਾਨ ਸ਼ਹੀਦ ਭਗਤ ਸਿੰਘ ਤੇ ਡਾ. ਬੀ.ਆਰ. ਅੰਬੇਦਕਰ ਤੋਂ ਸੇਧ ਲੈਣ ਲਈ ਇਨ੍ਹਾਂ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਦਾ ਫ਼ੈਸਲਾ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਕਰੀਬ 5 ਮਹੀਨਿਆਂ 'ਚ ਲਏ ਗਏ ਇਤਿਹਾਸਕ ਤੇ ਸੁਹਿਰਦ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਨੂੰ ਚੰਗੇਰੀ ਬਣਾਉਣ ਅਤੇ ਵਧੇਰੇ ਮਾਲੀਆ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਵਿੱਤੀ ਸਾਲ 2022-23 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਦੀ ਜੀ.ਐਸ.ਟੀ ਵਸੂਲੀ 'ਚ 24.15 ਫੀਸਦੀ ਤੇ ਆਬਕਾਰੀ ਵਸੂਲੀ 'ਚ 41.23 ਫੀਸਦੀ ਦੀ ਵਿਕਾਸ ਦਰ ਨੂੰ ਵੀ ਵਿਕਾਸ ਅਤੇ ਵਿੱਤੀ ਹਾਲਤ ਲਈ ਚੰਗਾ ਸੰਕੇਤ ਦੱਸਿਆ।

ਵਿੱਤ ਮੰਤਰੀ ਸ. ਚੀਮਾ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਸਮੇਤ ਪੀ.ਪੀ.ਐਸ.ਸੀ. ਦੇ ਮੈਂਬਰਾਂ ਦੀ ਗਿਣਤੀ ਘਟਾਉਣ ਤੋਂ ਇਲਾਵਾ ਹੋਰ ਅਨੇਕਾਂ ਲੋਕ ਹਿੱਤੂ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੁਣ ਸਰਕਾਰੀ ਪੈਸੇ ਨੂੰ ਬਚਾ ਕੇ ਲੋਕ ਹਿੱਤ ਦੇ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਆਮ ਆਦਮੀ ਕਲੀਨਿਕ ਸਥਾਪਿਤ ਕਰਨ ਦੇ ਫ਼ੈਸਲੇ ਨੂੰ ਸੂਬੇ ਦੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਉਪਲੱਬਧ ਕਰਵਾਉਣ ਲਈ ਮੀਲ ਪੱਥਰ ਕਰਾਰ ਦਿੱਤਾ।

ਵਿੱਤ ਮੰਤਰੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਤੇ ਟੈਕਨੀਕਲ ਸਿੱਖਿਆ ਨੂੰ ਤਰਜੀਹ ਦਿੰਦਿਆਂ ਸਰਕਾਰ ਨੇ ਇਨ੍ਹਾਂ ਦੇ ਬਜ਼ਟ 'ਚ 57 ਤੇ 48 ਫੀਸਦੀ ਵਾਧਾ ਕੀਤਾ ਹੈ ਤਾਂ ਕਿ ਸੂਬੇ ਦੇ ਨੌਜਵਾਨਾਂ ਨੂੰ ਬੇਹਤਰੀਨ ਸਿੱਖਿਆ ਪ੍ਰਦਾਨ ਕਰਕੇ ਵਿਸ਼ਵ ਪੱਧਰ 'ਤੇ ਮੁਕਾਬਲੇ ਲਿਆਂਦਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਖਾਲੀ ਪਈਆਂ 26,454 ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਬਹੁਤ ਜਲਦ ਠੇਕੇ 'ਤੇ ਕੰਮ ਕਰ ਰਹੇ 36000 ਕਾਮਿਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ, ਬਿਜਲੀ, ਖੇਤੀਬਾੜੀ, ਸਿੱਖਿਆ, ਅਮਨ-ਕਾਨੂੰਨ ਤੇ ਨਸ਼ਿਆਂ ਵਿਰੁੱਧ ਜੰਗ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ 'ਤੋਂ ਨਾਜਾਇਜ਼ ਕਬਜੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਦੇ ਖੇਤਰ ਵਿੱਚ ਅੱਗੇ ਵਧ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਦੱਸਿਆ ਕਿ ਰਾਜਪੁਰਾ ਵਿਖੇ 1104 ਏਕੜ ਜ਼ਮੀਨ 'ਤੇ 285 ਕਰੋੜ ਦੀ ਲਾਗਤ ਨਾਲ ਪੰਜਾਬ ਤੇ ਖਾਸਕਰ ਪਟਿਆਲਾ ਲਈ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਅਤੇ ਖਾਸਕਾਰ ਇਸ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਪੈਦਾ ਹੋਣਗੇ। 

ਵਾਤਾਵਰਣ ਸੁਧਾਰ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੂਬੇ ਦੇ ਹਰ ਨਾਗਰਿਕ ਨੂੰ ਸੁਹਿਰਦ ਹੋਣ ਬਾਰੇ ਅੱਜ ਦੇ ਸਮੇਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਚੀਮਾ ਨੇ ਰਾਜ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਧਰਤੀ ਹੇਠਲਾ ਪਾਣੀ ਅਤੇ ਵਾਤਾਵਰਣ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਵਿੱਤ ਮੰਤਰੀ ਨੇ 16 ਅਗਸਤ ਦਿਨ ਮੰਗਲਵਾਰ ਨੂੰ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ।

HOLIDAY ON 16TH AUGUST: DISTT WISE UPDATE SEE HERE 

ਇਸ ਤੋਂ ਬਾਅਦ ਵਿੱਤ ਮੰਤਰੀ ਨੇ ਪਰੇਡ ਕਮਾਂਡਰ ਡੀ.ਐਸ.ਪੀ. ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਆਈ.ਟੀ.ਬੀ.ਪੀ., ਜ਼ਿਲ੍ਹਾ ਪੁਲਿਸ ਤੇ ਮਹਿਲਾ ਵਿੰਗ, ਹੋਮ ਗਾਰਡਜ਼, ਐਨ.ਸੀ.ਸੀ ਗ਼ਰਲਜ਼, ਆਰਮੀ ਤੇ ਏਅਰ ਵਿੰਗ, ਰੈਡ ਕਰਾਸ, ਗਰਲਜ਼ ਗਾਈਡ ਸਮੇਤ ਪੁਲਿਸ ਤੇ ਆਈ.ਟੀ.ਬੀ.ਪੀ. ਦੇ ਬਰਾਸ ਤੇ ਪਾਈਪ ਬੈਂਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ ਅਤੇ ਮੋਟਰ ਸਾਇਕਲ ਸਵਾਰਾਂ ਰਵਿੰਦਰ ਰਵੀ, ਹੌਲਦਾਰ ਸੁਖਵਿੰਦਰ ਕੌਰ, ਐਸ.ਬੀ.ਆਈ. ਦੇ ਹਰਜਿੰਦਰ ਸਿੰਘ ਤੇ ਪਟਿਆਲਾ ਪੁਲਿਸ ਦੇ ਬਲਵਿੰਦਰ ਸਿੰਘ ਨੇ ਮੋਟਰਸਾਇਕਲ 'ਤੇ ਕਰਤੱਬ ਦਿਖਾਏ ਜਦਕਿ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀਆਂ ਨੇ ਘੋੜ ਸਵਾਰੀ ਤੇ ਟੈਂਟ ਪੈਗਿੰਗ ਦੇ ਕਰਤੱਬ ਦਿਖਾਏ।

ਸਮਾਰੋਹ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ, ਸਕੂਲਾਂ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਗਿੱਧੇ ਤੇ ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ। ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗਾਨ ਗਾਇਆ। ਇਸ ਤੋਂ ਪਹਿਲਾਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਰੈਡ ਕਰਾਸ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਦੀ ਵੰਡ ਕਰਨ ਦੇ ਨਾਲ-ਨਾਲ ਪਰੇਡ ਕਮਾਂਡਰ ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਕਾਮਨਵੈਲਥ ਗੇਡਾਂ 'ਚ ਕਾਂਸੀ ਤਗ਼ਮਾ ਜੇਤੂ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਸਮੇਤ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਤਗ਼ਮਾ ਜੇਤੂ ਖਿਡਾਰੀਆਂ ਨਮਨ ਕਪਿਲ ਤੇ ਵਿਸ਼ਵਜੀਤ ਸਿੰਘ, ਖੇਲੋ ਇੰਡੀਆ ਦੀ ਖਿਡਾਰੀਆਂ ਦੀ ਟੀਮ, ਵੱਖ-ਵੱਖ ਖੇਤਰਾਂ 'ਚ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਤ ਮੰਤਰੀ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਤ ਕੀਤਾ ਗਿਆ।

ਸਮਾਗਮ 'ਚ ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ ਤਰਸੇਮ ਮੰਗਲਾ ਦੀ ਅਗਵਾਈ 'ਚ ਜੁਡੀਸ਼ੀਅਲ ਅਧਿਕਾਰੀਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਪ੍ਰੋ. ਅਰਵਿੰਦ, ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦੇ ਵੀ.ਸੀ. (ਲੈਫ਼. ਜਨ) ਜੇ.ਐਸ. ਚੀਮਾ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸਹਿ ਇੰਚਾਰਜ ਪ੍ਰੀਤੀ ਮਲਹੋਤਰਾ, ਐਸ.ਸੀ. ਸੈਲ. ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ, ਮਹਿਲਾ ਵਿੰਗ ਜ਼ਿਲ੍ਹਾ ਵੀਰਪਾਲ ਕੌਰ ਚਹਿਲ, ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਲੰਟੀਅਰ ਤੇ ਆਗੂ ਸਾਹਿਬਾਨ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀਜ਼ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ, ਈਸ਼ਾ ਸਿੰਘਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਸਮੇਤ ਵੱਡੀ ਗਿਣਤੀ ਵਿਦਿਆਰਥੀ, ਅਧਿਆਪਕ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

*********

 


Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends