ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਦਲਿਤ ਵਿਦਿਆਰਥੀ ਦੀ ਮੌਤ ਲਈ ਜ਼ਿੰਮੇਵਾਰ ਸਕੂਲ ਮੁਖੀ 'ਤੇ ਸਖ਼ਤ ਕਾਰਵਾਈ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ/ਸੰਗਰੂਰ, 16 ਅਗਸਤ, 2022: ਪਿਛਲੇ ਦਿਨੀਂ ਰਾਜਸਥਾਨ ਦੇ ਜ਼ਿਲ੍ਹਾ ਜਾਲੋਰ ਦੇ ਸੇਰਾਣਾ ਪਿੰਡ ਦੇ ਇਕ ਨਿੱਜੀ ਸਕੂਲ ਵਿਖੇ ਇਕ ਦਲਿਤ ਵਿਦਿਆਰਥੀ ਇੰਦਰ ਕੁਮਾਰ ਮੇਘਵਾਲ ਵੱਲੋਂ ਸਕੂਲ ਮੁਖੀ ਦੇ ਘੜੇ ਤੋਂ ਪਾਣੀ ਪੀਣ ਕਾਰਣ ਸਕੂਲ ਮੁਖੀ ਛੈਲ ਸਿੰਘ ਵੱਲੋਂ ਬੁਰੀ ਤਰ੍ਹਾ ਕੁੱਟ ਮਾਰ ਕੀਤੇ ਜਾਣ ਉਪਰੰਤ ਵਿਦਿਆਰਥੀ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਜਰਨਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਕੂਲ ਮੁਖੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੁਲੇਵਾਲਾ, ਰਘਵੀਰ ਭਵਾਨੀਗਡ਼੍ਹ, ਜਸਵਿੰਦਰ ਔਜਲਾ ਨੇ ਇਸ ਗੈਰ ਮਨੁੱਖੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੱਕਵੀਂ ਸਦੀ ਵਿੱਚ ਸਾਡੇ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਮੰਦ ਭਾਗਾ ਹੈ ਅਤੇ ਦੇਸ਼ ਦੇ ਗਲਤ ਦਿਸ਼ਾ ਵੱਲ ਨੂੰ ਤੋਰੇ ਜਾਣ ਦਾ ਸੰਕੇਤ ਹੈ। ਇਹ ਘਟਨਾ ਦਾ ਇੱਕ ਸਕੂਲ ਵਿੱਚ ਵਾਪਰਨਾ ਸਿੱਧ ਕਰਦਾ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵੀ ਜਾਤ ਪਾਤ ਦੇ ਕੋਹੜ ਚੋਂ ਹਾਲੇ ਉੱਭਰ ਨਹੀਂ ਸਕੀ ਹੈ। ਸਗੋਂ ਪਿਛਲੇ ਸਮਿਆਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਨਿਆਂ ਦੇਣ ਦੀ ਥਾਂ ਇੰਨ੍ਹਾਂ ਨੂੰ ਦਬਾਉਣ ਪਿੱਛੇ ਬੀਜੇਪੀ ਅਤੇ ਆਰ.ਐੱਸ.ਐੱਸ. ਦੀ ਮੰਨੂ ਸਿਮਰਤੀ ਅਧਾਰਿਤ ਰਾਜ ਸਥਾਪਤ ਕਰਨ ਦਾ ਏਜੰਡਾ ਕੰਮ ਕਰ ਰਿਹਾ ਹੈ। ਇਸੇ ਏਜੰਡੇ ਤਹਿਤ ਹੀ ਲਗਾਤਾਰ ਘੱਟ ਗਿਣਤੀਆਂ ਅਤੇ ਦਲਿਤਾਂ 'ਤੇ ਹਮਲੇ ਕਰਵਾਏ ਜਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਡੀਟੀਐੱਫ ਦੇ ਸੂਬਾਈ ਆਗੂਆਂ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ, ਪਵਨ ਕੁਮਾਰ, ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਜਿੱਥੇ ਅੱਜ ਕੇਂਦਰ ਦੀ ਬੀ.ਜੇ.ਪੀ. ਸਰਕਾਰ ਕਾਰਪੋਰੇਟਾਂ ਦੀ ਕੱਠਪੁਤਲੀ ਬਣ ਕੇ ਕੰਮ ਕਰ ਰਹੀ ਹੈ ਉੱਥੇ ਅਖੌਤੀ ਉੱਚ ਜਾਤੀ ਹੰਕਾਰ ਰੱਖਣ ਵਾਲਿਆਂ ਦੀ ਪਿੱਠ 'ਤੇ ਖੜ ਕੇ, ਇਸ ਤਰ੍ਹਾਂ ਦੇ ਗੈਰ ਮਨੁੱਖੀ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਸਹਿਯੋਗ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹੀ ਘਟਨਾਵਾਂ ਨੂੰ ਰੋਕਣ ਲਈ ਕਿਰਤੀ ਲੋਕਾਂ ਨੂੰ ਅੱਗੇ ਆ ਕੇ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀ ਅਜਿਹੀ ਵਿਚਾਰਧਾਰਾ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।