ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਭਰਤੀ ਪ੍ਰੀਖਿਆ ਦੇ ਉੱਤਰਾਂ ਲਈ ਇਤਰਾਜ਼ ਦੇਣ 'ਤੇ ਵੀ ਲਗਾਈ ਫੀਸ
ਬੇਰੁਜ਼ਗਾਰਾਂ ਦੀਆਂ ਆਨੇ ਬਹਾਨੇ ਹੋ ਰਹੀ ਲੁੱਟ ਦਾ ਡੀ.ਟੀ.ਐੱਫ. ਵੱਲੋਂ ਸਖ਼ਤ ਵਿਰੋਧ
27 ਅਗਸਤ, ਚੰਡੀਗੜ੍ਹ:-
ਸਕੂਲ ਸਿੱਖਿਆ ਵਿਭਾਗ ਵੱਲੋਂ ਇਸੇ ਵਰ੍ਹੇ ਵਿਧਾਨ ਸਭਾ ਚੋਣਾਂ ਦਾ ਜ਼ਾਬਤਾ ਲੱਗਣ ਵਾਲੇ ਦਿਨ ਮਾਸਟਰ ਕਾਡਰ ਦੀਆਂ ਪ੍ਰਕਾਸ਼ਿਤ 4161 ਪੋਸਟਾਂ ਲਈ ਪ੍ਰਤੀ ਉਮੀਦਵਾਰ ਇੱਕ ਹਜਾਰ ਰੁਪਏ ਫ਼ੀਸ ਲੈਣ ਤੋਂ ਬਾਅਦ ਬੀਤੀ 21 ਅਗਸਤ ਨੂੰ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀ ਅਸਾਮੀ ਲਈ ਭਰਤੀ ਪ੍ਰੀਖਿਆ ਲਈ ਗਈ ਹੈ। ਵਿਭਾਗ ਵੱਲੋਂ ਪ੍ਰੀਖਿਆਵਾਂ ਦੀਆਂ ਜਨਤਕ ਕੀਤੀਆਂ ਗਲਤੀਆਂ ਨਾਲ ਭਰਪੂਰ ਉੱਤਰ ਸੂਚੀਆਂ 'ਤੇ ਸਹੀ ਉੱਤਰ ਲਈ ਪ੍ਰਤੀ ਇਤਰਾਜ਼ ਪੰਜਾਹ ਰੁਪਏ ਦੀ ਵਾਧੂ ਫੀਸ ਅਦਾ ਕਰਨ ਦੀ ਸ਼ਰਤ ਲਾਏ ਜਾਣ ਨਾਲ ਬੇਰੁਜ਼ਗਾਰਾਂ ਲਈ ਨਵੇਂ ਆਰਥਿਕ ਭਾਰ ਦਾ ਰਾਹ ਵੀ ਖੋਲ੍ਹ ਦਿੱਤਾ ਗਿਆ ਹੈ।
ਬੇਰੁਜ਼ਗਾਰਾਂ ਦੀ ਆਨੇ ਬਹਾਨੇ ਕੀਤੀ ਜਾ ਰਹੀ ਆਰਥਿਕ ਲੁੱਟ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਲੁੱਟ ਨੂੰ ਤੁਰੰਤ ਰੋਕੇ ਜਾਣ ਦੀ ਨਸੀਹਤ ਦਿੱਤੀ। ਡੀਟੀਐੱਫ ਆਗੂਆਂ ਨੇ ਦੱਸਿਆ ਕਿ ਪੰਜਾਬੀ ਦੀਆਂ 534 ਅਤੇ ਸਮਾਜਿਕ ਸਿੱਖਿਆ ਦੀਆਂ 633 ਪੋਸਟਾਂ ਲਈ ਹੋਏ ਪੇਪਰਾਂ ਸੰਬੰਧੀ 24 ਅਗਸਤ ਨੂੰ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਦੀ ਸਾਈਟ ਉੱਤੇ ਉੱਤਰਾਂ ਦੀ ਸੂਚੀ ਪਾ ਕੇ ਇਤਰਾਜ਼ ਮੰਗੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਇਸ ਉੱਤਰ ਸੂਚੀ ਵਿਚ ਗ਼ਲਤੀਆਂ ਦੀ ਭਰਮਾਰ ਕਰਦਿਆਂ ਕਈ ਸਵਾਲਾਂ ਦੇ ਗ਼ਲਤ ਜਵਾਬਾਂ ਨੂੰ ਸਹੀ ਵਿਖਾ ਦਿੱਤਾ ਗਿਆ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬੀ ਮਾਸਟਰ ਕਾਡਰ ਦੀ ਪ੍ਰੀਖਿਆ ਦੇ ਸੈੱਟ-ਡੀ ਦੇ 42 ਨੰ: ਪ੍ਰਸ਼ਨ: 'ਬੁਝਾਰਤ 'ਤੋਂ ਕੀ ਭਾਵ ਹੈ?' ਦਾ ਜਵਾਬ 'ਆਂਚਲਿਕਤਾ ਦੇ ਅੰਸ਼' ਨੂੰ ਦੱਸਿਆ ਗਿਆ ਹੈ। ਜਦ ਕਿ ਇਸ ਦਾ ਸਹੀ ਜਵਾਬ 'ਗੁੰਝਲ ਜਾਂ ਅੜਾਉਣੀ' ਹੈ। ਇਸੇ ਤਰ੍ਹਾਂ ਪ੍ਰਸ਼ਨ ਨੰ: 65. ਵਿੱਚ ਸੰਘੋਸ਼ ਅਲਪ੍ਰਾਣ ਵਿਅੰਜਨ ਦਾ ਜਵਾਬ ਪ, ਤ, ਟ ਦੱਸਿਆ ਗਿਆ ਹੈ ਜਦਕਿ ਬ, ਦ, ਡ ਸਹੀ ਜਵਾਬ ਹੈ। ਪ੍ਰਸ਼ਨ ਨੰ: 72 ਵਿੱਚ ਵਰਤਮਾਨ ਪੰਜਾਬੀ ਵਰਣਮਾਲਾ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਪੁੱਛੀ ਗਈ ਅੱਖਰਾਂ ਦੀ ਕੁੱਲ ਗਿਣਤੀ ਨੂੰ ਉੱਤਰ ਸੂਚੀ ਵਿੱਚ 41 ਦੀ ਥਾਂ 35 ਦੱਸਿਆ ਗਿਆ ਹੈ। ਪ੍ਰਸ਼ਨ ਨੰ: 100 ਵਿੱਚ ਪੰਜਾਬੀ ਭਾਸ਼ਾ ਦੇ ਸਵਰ ਵਾਹਕਾਂ ਦੀ ਗਿਣਤੀ ਨੂੰ ਤਿੰਨ ਦੀ ਥਾਂ ਪੰਜ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਸੂਚੀ ਵਿੱਚ ਗ਼ਲਤ ਦਰਜ ਕੀਤੇ ਹੋਏ ਹਨ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਦੇ ਪੇਪਰ ਲਈ ਪਾਈ ਉੱਤਰਾਂ ਦੀ ਸੂਚੀ ਵਿੱਚ ਵੀ ਗਲਤੀਆਂ ਦੀ ਭਰਮਾਰ ਹੈ। ਭਰਤੀ ਪ੍ਰੀਖਿਆਵਾਂ ਵਿੱਚ ਪਾਏ ਕੁੱਝ ਪ੍ਰਸ਼ਨਾਂ ਦੇ ਸਹੀ ਜਵਾਬ ਇਕ ਤੋਂ ਵਧੇਰੇ ਜਾਂ ਦਿੱਤੀਆਂ ਆਪਸ਼ਨਾਂ ਵਿੱਚੋਂ ਨਹੀਂ ਹਨ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦਾ ਅਸਲ ਨਿਸ਼ਾਨਾ ਗ਼ਲਤ ਉੱਤਰ ਸੂਚੀਆਂ ਪਾ ਕੇ ਬੇਰੁਜ਼ਗਾਰਾਂ ਦੀ ਹੋਰ ਲੁੱਟ ਕਰਨਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਸਿੰਘ ਫੂਲੇਵਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਵਿਭਾਗ ਤੋਂ ਆਪਣੀ ਉੱਤਰ ਸੂਚੀ ਨੂੰ ਸਹੀ ਕਰ ਕੇ ਦੁਬਾਰਾ ਜਨਤਕ ਕਰਨ ਅਤੇ ਪੰਜਾਹ ਰੁਪਏ ਪ੍ਰਤੀ ਇਤਰਾਜ਼ ਦੀ ਫੀਸ ਲਗਾਉਣ ਦੇ ਗ਼ੈਰਵਾਜਬ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਭਵਿੱਖ ਵਿੱਚ ਇਸ ਤਰ੍ਹਾ ਦੀ ਉੱਚ ਪੱਧਰੀ ਪ੍ਰੀਖਿਆ ਪ੍ਰਤੀ ਵਧੇਰੇ ਜ਼ਿੰਮੇਵਾਰ ਅਤੇ ਸੁਚੇਤ ਹੋਣ ਦਾ ਸੁਝਾਅ ਦਿੱਤਾ ਹੈ।