ਵਿਭਾਗੀ ਤਰੱਕੀਆਂ ਲੈ ਚੁੱਕੇ ਅਧਿਆਪਕਾਂ ਨੂੰ ਟੈੱਸਟ ਪ੍ਰਕਿਰਿਆ 'ਚ ਉਲਝਾਉਣਾ ਮੰਦਭਾਗਾ - ਜੀ ਟੀ ਯੂ (ਵਿਗਿਆਨਕ)।
ਪਹਿਲਾਂ ਤੋਂ ਹੀ ਵਿਭਾਗੀ ਤਰੱਕੀਆਂ ਲੈ ਕੇ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਅਤੇ ਮਾਸਟਰਾਂ ਤੋਂ ਲੈਕਚਰਾਰ ਬਣੇ ਅਧਿਆਪਕਾਂ ਉੱਪਰ ਵਿਭਾਗੀ ਟੈੱਸਟ ਠੋਕਣ ਵਾਲ਼ੇ ਸਰਕਾਰੀ ਫੈਸਲੇ ਨੂੰ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਲੈਕਚਰਾਰ ਰਣਜੀਤ ਲੱਧੜ ਅਤੇ ਲੈਕਚਰਾਰ ਅਨੂਪ ਕੁਮਾਰ ਆਦਿ ਵੱਲੋਂ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਅਦਾਲਤੀ ਫੈਸਲੇ ਅਗਲੇਰੇ ਸਮੇਂ ਤੋਂ ਲਾਗੂ ਹੁੰਦੇ ਹਨ, ਨਾ ਕਿ ਪਿੱਛੇ ਵੱਲ ਨੂੰ।
ਅਧਿਆਪਕ ਆਗੂਆਂ ਸੰਦੀਪ ਸਿੰਘ ਬਧੇਸ਼ਾ, ਕਮਲਜੀਤ ਮਾਨ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਮਲਕੀਤ ਸਿੰਘ ਗਾਲਿਬ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਬਿਕਰਮਜੀਤ ਸਿੰਘ, ਰੋਹਿਤ ਕੁਮਾਰ, ਇੰਦਰਜੀਤ ਸਿੰਗਲਾ, ਆਦਿ ਨੇ ਕਿਹਾ ਕਿ ਅਧਿਆਪਕ ਵਿਭਾਗੀ ਤਰੱਕੀ ਕਮੇਟੀ ਰਾਹੀਂ ਡੀ ਪੀ ਸੀ ਵਿੱਚੋਂ ਸਫਲ ਹੋ ਕੇ ਹੀ ਤਰੱਕੀ ਯਾਫਤਾ ਅਧਿਆਪਕ ਬਣਦੇ ਹਨ ਅਤੇ ਹੁਣ ਉਹਨਾਂ ਤੇ ਦੁਬਾਰਾ ਟੈੱਸਟ ਥੋਪਣ ਦੀ ਕੋਈ ਤੁਕ ਹੀ ਨਹੀਂ ਬਣਦੀ।
ਜ਼ਿਕਰਯੋਗ ਹੈ ਕਿ ਸਰਕਾਰ ਨੇ 2018 ਤੋਂ ਮਗਰੋਂ ਤਰੱਕੀਆਂ ਲੈਣ ਵਾਲ਼ੇ ਅਧਿਆਪਕਾਂ ਨੂੰ ਟੈੱਸਟ ਪ੍ਰਕਿਰਿਆ ਵਿੱਚੋਂ ਲੰਘਾਉਣ ਦਾ ਫੈਸਲਾ ਕੀਤਾ ਹੈ, ਪਰੰਤੂ 2018 ਤੋਂ ਪਹਿਲਾਂ ਦੇ ਤਰੱਕੀਯਾਫਤਾ ਕਈ ਅਧਿਆਪਕਾਂ ਨੂੰ ਵੀ ਵਿਭਾਗੀ ਪਰੀਖਿਆ ਦੇ ਆਨਲਾਈਨ ਲਿੰਕ ਭੇਜ ਕੇ ਚਿੰਤਾ ਵਿੱਚ ਪਾ ਦਿੱਤਾ ਹੈ ਅਤੇ ਇਹਨਾਂ ਵਿੱਚੋਂ ਕਈ ਅਧਿਆਪਕ ਰਿਟਾਇਰ ਵੀ ਹੋ ਚੁੱਕੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਨੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਕਿਉਂਕਿ ਅਧਿਆਪਕ ਪਹਿਲਾਂ ਹੀ ਮੈਰਿਟ ਦੇ ਅਧਾਰ ਤੇ ਪਾਸ ਹੋ ਕੇ ਵਿਭਾਗ ਵਿੱਚ ਸ਼ਾਮਲ ਹੋਏ ਹਨ, ਸਰਕਾਰ ਵੱਲੋਂ ਅੜੀ ਕਰਨ ਤੇ ਸੰਘਰਸ਼ ਦੇ ਰਸਤੇ ਚੱਲਣ ਦੀ ਚਿਤਾਵਨੀ ਵੀ ਦਿੱਤੀ ਗਈ।