ਵਿਭਾਗ ਦੇ 2 ਅਧਿਆਪਕਾਂ ਨੇ ਜਪਾਨੀ ਭਾਸ਼ਾ ਦਾ ਕੋਰਸ ਸਫ਼ਲਤਾਪੂਰਵਕ ਪੂਰਾ ਕੀਤਾ
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦਿੱਤੀ ਵਧਾਈ
ਐੱਸ.ਏ.ਐੱਸ. ਨਗਰ 25 ਅਗਸਤ (ਚਾਨੀ)
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ 2 ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਦੁਆਰਾ ਕਰਵਾਏ ਗਏ ਜਪਾਨੀ ਭਾਸ਼ਾ ਸਿੱਖਣ ਦੇ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਸਬੰਧੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੀਪ ਅੰਗਰੇਜ਼ੀ ਮਾਸਟਰ ਸਸਸਸ ਲਾਂਡਰਾਂ (ਐੱਸ.ਏ.ਐੱਸ. ਨਗਰ) ਅਤੇ ਨਵਨੀਤ ਕੱਦ ਲੈਕਚਰਾਰ ਮੈਥੈਮੈਟਿਕਸ ਸਸਸਸ ਜੋਧਪੁਰ ਪਾਖਰ (ਬਠਿੰਡਾ) ਨੇ ਜਪਾਨੀ ਭਾਸ਼ਾ ਸਿੱਖਣ ਦੇ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ।
ਇਸ ਕੋਰਸ ਲਈ ਉਹਨਾਂ ਨੂੰ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪ੍ਰੋਮੌਸ਼ਨ ਵਿਭਾਗ ਅਤੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਪੰਜਾਬ ਦੇ ਕੋਰ ਗਰੁੱਪ ਦੀ ਤਿਆਰੀ ਲਈ ਜਪਾਨੀ ਭਾਸ਼ਾ ਸਿੱਖਣ ਲਈ ਚੁਣਿਆ ਗਿਆ ਸੀ। ਇਸ ਲਈ ਇੱਕ ਸਾਲ ਦੇ ਕੋਰਸ ਵਿੱਚ ਆਨਲਾਈਨ ਜਮਾਤਾਂ ਲਗਾਈਆਂ ਗਈਆਂ ਜੋ ਕਿ ਹਰ ਹਫ਼ਤੇ 4 ਘੰਟੇ ਲਈ ਹੁੰਦੀਆਂ ਸਨ। ਇਸ ਬਾਰੇ ਦੋਵੇਂ ਅਧਿਆਪਕਾਂ ਨੇ ਦੱਸਿਆ ਕਿ ਕਿਸੇ ਵੀ ਨਵੀਂ ਭਾਸ਼ਾ ਨੂੰ ਪੜ੍ਹਣਾ, ਲਿਖਣਾ ਅਤੇ ਬੋਲਣਾ ਸਿੱਖਣਾ ਇੱਕ ਨਿਵੇਕਲਾ ਤਜ਼ਰਬਾ ਹੁੰਦਾ ਹੈ। ਸਿੱਖਿਆ ਵਿਭਾਗ ਪੰਜਾਬ ਦੀ ਬਦੌਲਤ ਹੀ ਉਹਨਾਂ ਨੇ ਬਹੁਤ ਹੀ ਸ਼ਿੱਦਤ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।
ਇਹ ਭਾਸ਼ਾ ਸਿੱਖਣ ਦੇ ਨਾਲ ਭਵਿੱਖ ਵਿੱਚ ਅੰਤਰਰਾਸ਼ਟਰੀ ਮੰਚ ਦੇ ਪ੍ਰੋਗਰਾਮਾਂ ਵਿਚ ਜਿੱਥੇ ਜਪਾਨੀ ਭਾਸ਼ਾ ਦੇ ਸੰਬੰਧੀ ਪੰਜਾਬ ਸਰਕਾਰ ਨੂੰ ਕੋਈ ਰਿਸੋਰਸ ਪਰਸਨ ਦੀ ਲੋੜ ਹੋਵੇਗੀ ਤਾਂ ਉਹ ਹਮੇਸ਼ਾ ਤਿਆਰ ਰਹਿਣਗੇ ਤਾਂ ਜੋ ਭਵਿੱਖ ਵਿੱਚ ਨੌਜਵਾਨ ਉੱਦਮੀਆਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਜਪਾਨੀ ਭਾਸ਼ਾ ਦੀ ਸੂਜ-ਬੂਝ ਬਣਾਉਣ ਲਈ ਲੋੜੀਂਦੀ ਜਾਣਕਾਰੀ ਦੇ ਸਕਣ। ਇਸ ਨਾਲ ਜਪਾਨੀ ਤਕਨੀਕ ਨਾਲ ਹੋ ਰਹੇ ਵਿਕਾਸ ਬਾਰੇ ਵੀ ਨੌਜਵਾਨ ਉੱਦਮੀਆਂ ਨੂੰ ਸੌਖੇ ਢੰਗ ਨਾਲ ਸਮਝਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਇਸ ਮੋਸਾਈ ਇੰਸਟੀਚਿਊਟ ਆਫ਼ ਜੈਪਨੀਜ਼ ਲੈਂਗੂਏਜ਼ ਵੱਲੋਂ ਇਹ ਕੋਰਸ ਸਫ਼ਲਤਾਪੂਰਵਕ ਕਰਨ ਦਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਰਾਹੀਂ ਪ੍ਰਮਾਣਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਕੋਰਸ ਦੇ ਵਿੱਚ ਸਫਲ ਹੋਣ ਤੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੋਹਾਂ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।