਼ਭਾਸ਼ਾ ਵਿਭਾਗ ਦੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 26 ਅਗਸਤ ਨੂੰ
ਜੇਤੂਆਂ ਨੂੰ ਨਗਦ ਇਨਾਮ ਦੇ ਕੇ ਕੀਤਾ ਜਾਵੇਗਾ ਸਨਮਾਨਿਤ-ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ
ਹਰਦੀਪ ਸਿੰਘ ਸਿੱਧੂ
ਚੰਡੀਗੜ੍ਹ 22 ਅਗਸਤ:ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਭਾਸ਼ਾ ਵਿਭਾਗ ਦੇ ਸਾਹਿਤ ਸਿਰਜਣ (ਕਵਿਤਾ ਰਚਨਾ, ਲੇਖ ਰਚਨਾ, ਕਹਾਣੀ ਰਚਨਾ) ਤੇ ਕਵਿਤਾ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵਿਖੇ 26 ਅਗਸਤ ਨੂੰ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕ੍ਰਮਵਾਰ 1000, 750, 500 ਰੁਪਏ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਪੰਜਾਬ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਦੋਨਾਂ ਮੁਕਾਬਲਿਆਂ ਦਾ ਮਾਧਿਅਮ ਪੰਜਾਬੀ ਸਾਹਿਤ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਰਾਹੀਂ ਨਿਰਧਾਰਤ ਪ੍ਰੋਫਾਰਮੇ ’ਤੇ ਅਗੇਤੀ ਸੂਚਨਾ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਨੂੰ ਪ੍ਰਦਾਨ ਕਰਨਗੇ ਅਤੇ ਇਨ੍ਹਾਂ ਵਿੱਚ ਦਸਵੀਂ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਸੰਸਥਾ ਵਿਚੋਂ ਇੱਕ ਮੁਕਾਬਲੇ ਵਿੱਚ ਕੇਵਲ ਦੋ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਰਚਨਾ ਦਾ ਵਿਸ਼ਾ ਮੌਕੇ ’ਤੇ ਹੀ ਦਿੱਤਾ ਜਾਵੇਗਾ।