ਭਾਸ਼ਾ ਵਿਭਾਗ, ਮੋਹਾਲੀ ਵੱਲੋਂ 26 ਅਗਸਤ ਨੂੰ ਬੱਚਿਆਂ ਦੇ ਸਾਹਿਤ ਸਿਰਜਣ ਮੁਕਾਬਲੇ
ਐਂਟਰੀਆਂ 22 ਅਗਸਤ ਤੱਕ, ਕੋਈ ਐਂਟਰੀ ਫੀਸ ਨਹੀਂ-ਡਾ ਦਵਿੰਦਰ ਬੋਹਾ
ਚੰਡੀਗੜ੍ਹ 21 ਅਗਸਤ( ਹਰਦੀਪ ਸਿੰਘ ਸਿੱਧੂ):ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ 26-08-2022 ਨੂੰ ਸ਼ੁੱਕਰਵਾਰ ਨੂੰ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵਲੋਂ ਦੱਸਿਆ ਗਿਆ ਕਿ ਇਹ ਸਾਹਿਤ ਸਿਰਜਣ ਮੁਕਾਬਲੇ ਲੇਖ ਰਚਨਾ, ਕਹਾਣੀ ਰਚਨਾ, ਅਤੇ ਕਵਿਤਾ ਗਾਇਨ ਨਾਲ ਸੰਬੰਧਤ ਹੋਣਗੇ। ਇਹਨਾਂ ਮੁਕਾਬਲਿਆਂ ਲਈ 10 ਵੀਂ ਪੱਧਰ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵਿਭਾਗ ਵਲੋਂ ਕੋਈ ਐਂਟਰੀ ਫੀਸ ਨਹੀਂ ਰੱਖੀ ਗਈ।
ਉਹਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਧਾਵਾਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1000,750,500 ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ। ਉਹਨਾਂ ਇਹਨਾਂ ਮੁਕਾਬਲਿਆਂ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਦੱਸਦਿਆਂ ਕਿਹਾ ਕਿ ਕਵਿਤਾ ਗਾਇਨ ਦੇ ਵਿਸ਼ੇ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਸਿੰਘ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਨੂੰ ਹੀ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਮੌਕੇ ਤੇ ਦਿੱਤੇ ਗਏ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ 300 ਸ਼ਬਦਾਂ ਤੱਕ ਦੀ ਕਵਿਤਾ, 600 ਸ਼ਬਦਾਂ ਤੱਕ ਦਾ ਲੇਖ, ਅਤੇ ਕਹਾਣੀ ਲਿਖਣ ਨੂੰ ਕਿਹਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਜੇਤੂ ਵਿਦਿਆਰਥੀ ਬਾਅਦ ਵਿੱਚ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਪਟਿਆਲੇ ਵਿਖੇ ਭਾਗ ਲੈਣਗੇ। ਜ਼ਿਲ੍ਹਾ ਪੱਧਰ ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ ਮੋਹਾਲੀ ਵਿਖੇ ਹੋਣ ਵਾਲੇ ਮੁਕਾਬਲਿਆਂ ਸੰਬੰਧੀ ਵਿਸਥਾਰ ਸਹਿਤ ਹਦਾਇਤਾਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਰਾਹੀਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਿਖੇ ਕਰਵਾਏ ਜਾਣ ਵਾਲੇ 26-08-2022 ਨੂੰ ਇਹਨਾਂ ਮੁਕਾਬਲਿਆਂ ਸੰਬੰਧੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਜ਼ਿਲ੍ਹਾ ਖੋਜ ਅਫ਼ਸਰ ਮਿਸ ਦਰਸ਼ਨ ਕੌਰ ਦੇ ਫੋਨ ਨੰ: 9814491546 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।