ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਜਲੰਧਰ ਤੋਂ ਸ਼ਾਨਦਾਰ ਆਗਾਜ਼
ਮੁੱਖ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕੀਤਾ ਖੇਡਾਂ ਦਾ ਉਦਘਾਟਨ, ਹਰੇਕ ਸਾਲ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਉਣ ਦਾ ਐਲਾਨ
ਜਲੰਧਰ, 29 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਆਗਾਜ਼ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਹੋਇਆ।
ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਤੋਂ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ।
ਲਗਭਗ ਦੋ ਮਹੀਨੇ ਚੱਲਣ ਵਾਲੇ ਇਸ ਸਾਨਦਾਰ ਖੇਡ ਮੇਲੇ ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਕੁੰਭ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਉਨਾਂ ਕਿਹਾ ਕਿ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਇਹ ਖੇਡ ਮੇਲੇ ਹੁਣ ਹਰੇਕ ਸਾਲ ਹੋਇਆ ਕਰੇਗਾ।
ਮੁੱਖ ਮੰਤਰੀ ਨੇ ਕਿਹਾ, “ਮੈਨੂੰ ਅੱਜ ਹੱਸਦਾ, ਖੇਡਦਾ ਤੇ ਨੱਚਦਾ ਪੰਜਾਬ ਦੇਖ ਕੇ ਖੁਸ਼ੀ ਹੋਇਆ ਹੈ।”
ਇਸ ਮੌਕੇ ਆਪਣੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਭਗਵੰਤ ਮਾਨ ਨੇ ਜੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ ਜੋ ਭਵਿੱਖ ਵਿੱਚ ਹੋਣ ਵਾਲੇ ਰਾਸਟਰੀ ਅਤੇ ਅੰਤਰਰਾਸਟਰੀ ਮੁਕਾਬਲਿਆਂ ਲਈ ਉਨਾਂ ਨੂੰ ਤਿਆਰ ਕਰਨ ਲਈ ਫਾਇਦੇਮੰਦ ਹੋਵੇਗਾ।
ਇਨਾਂ ਖੇਡਾਂ ਦੀ ਰੂਪ ਰੇਖਾ ਉਲੀਕਣ ਅਤੇ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਖੇਡ ਮੰਤਰੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਇਹ ਸਾਰੇ ਪ੍ਰਬੰਧ ਕਰਨ ਲਈ ਵਧਾਈ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਇਹ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਕਰਵਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਨਾਂ ਖੇਡਾਂ ਨੂੰ ਨਿਰੰਤਰ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਇਹ ਖੇਡਾਂ ਸੂਬੇ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਸਟਰਮੰਡਲ ਖੇਡਾਂ ਵਿੱਚ ਦੇਸ ਦਾ ਨਾਂ ਰੌਸਨ ਕਰਨ ਵਾਲੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲਾ ਦੇਸ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਵੱਧ ਤੋਂ ਵੱਧ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸਾਹਿਤ ਕਰਨਾ ਸਮੇਂ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਧ ਤੋਂ ਵੱਧ ਸਿੱਖਿਅਤ ਖਿਡਾਰੀ ਪੈਦਾ ਕਰਨ ਅਤੇ ਅੰਤਰਰਾਸਟਰੀ ਮੁਕਾਬਲਿਆਂ ਲਈ ਭਾਰਤੀ ਦਲ ਵਿੱਚ ਵੱਧ ਤੋਂ ਵੱਧ ਪੰਜਾਬੀ ਖਿਡਾਰੀਆਂ ਨੂੰ ਸਾਮਲ ਕਰਨ ਲਈ ਪ੍ਰਭਾਵਸਾਲੀ ਮੁਹਿੰਮ ਚਲਾਉਣ ‘ਤੇ ਕੰਮ ਕਰ ਰਹੀ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਦੇ ਯੋਗ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਖੇਡਾਂ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖੇਡ ਜਗਤ ਵਿਚ ਨਵੀਂ ਸਵੇਰ ਲੈ ਕੇ ਆਵੇਗਾ। ਉਨਾਂ ਨੇ ਪੰਜਾਬ ਦੇ ਮਹਾਨ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਪਰਦੁੱਮਣ ਸਿੰਘ, ਓਲੰਪੀਅਨ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਨੇ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਰੌਸਨ ਕੀਤਾ। ਉਨਾਂ ਨੇ ਉਮੀਦ ਜਾਹਰ ਕੀਤੀ ਕਿ ਇਹ ਖੇਡ ਮੇਲਾ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਦੇ ਸੁਪਨੇ ਸਾਕਾਰ ਕਰਨ ਦੀ ਦਿਸਾ ਵਿਚ ਉਸਾਰੂ ਮੰਚ ਸਾਬਤ ਹੋਵੇਗਾ।
ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪੇਸਕਾਰੀਆਂ ਨੇ ਦਰਸਕਾਂ ਦਾ ਮਨ ਮੋਹ ਲਿਆ। ਉੱਘੀਆਂ ਪੰਜਾਬੀ ਗਾਇਕਾਂ ਨੂਰਾਂ ਭੈਣਾਂ, ਪ੍ਰਸਿੱਧ ਗਾਇਕ ਅੰਮਿ੍ਰਤ ਮਾਨ ਅਤੇ ਰਣਜੀਤ ਬਾਵਾ ਦਰਸਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬੱਚਿਆਂ ਨੇ ਸਕੇਟਿੰਗ ਅਤੇ ਜਿਮਨਾਸਟਿਕ ਪੇਸਕਾਰੀਆਂ ਨਾਲ ਦਰਸਕਾਂ ਦਾ ਮਨ ਮੋਹ ਲਿਆ।
ਇਸ ਤੋਂ ਪਹਿਲਾਂ, ਓਲੰਪੀਅਨ ਬਲਜੀਤ ਢਿੱਲੋਂ ਤੇ ਮਨਜੀਤ ਕੌਰ ਖੇਡਾਂ ਦਾ ਬੈਟਨ ਲੈ ਕੇ ਖੇਡ ਮੈਦਾਨ ਵਿਚ ਦਾਖਲ ਹੋਏ, ਇਸ ਤੋਂ ਬਾਅਦ ਵਾਰੋ-ਵਾਰੀ ਸੁਮਨ ਸ਼ਰਮਾ, ਰਜਿੰਦਰ ਰਹੇਲੂ, ਵਿਕਾਸ ਠਾਕੁਰ, ਸੁਖਪਾਲ ਪਾਲੀ, ਦਮਨੀਤ ਸਿੰਘ, ਹਰਪ੍ਰੀਤ ਹੈਪੀ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਵਿਰਕ, ਸਿਮਰਨਜੀਤ ਚਕਰ ਮਸ਼ਾਲ ਲੈ ਦੌੜੇ ਅਤੇ ਅਖੀਰ ਵਿਚ ਓਲੰਪੀਅਨ ਗੁਰਜੀਤ ਕੌਰ ਨੇ ਖੇਡਾਂ ਦੀ ਮਸ਼ਾਲ ਜਗਾਈ।
ਇਸ ਮੌਕੇ ਨਵਨੀਤ ਕੌਰ ਨੇ ਸਮੁੱਚੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ 23 ਜਿਲਿਆਂ ਦੇ ਮਾਰਚ ਪਾਸਟ ਦੀ ਅਗਵਾਈ ਕੰਵਰ ਅਜੇ ਸਿੰਘ ਰਾਣਾ ਨੇ ਕੀਤੀ।
ਇਸ ਮੌਕੇ ‘ਤੇ ਰਵਾਇਤੀ ਨਾਚ ‘ਗਿੱਧਾ‘ ਅਤੇ ‘ਭੰਗੜਾ‘ ਦੇ ਨਾਲ-ਨਾਲ ਖੇਡਾਂ ਨੂੰ ਦਰਸਾਉਂਦੀ ਪ੍ਰਭਾਵਸਾਲੀ ਵੀਡੀਓ ਨੇ ਦਰਸਕਾਂ ਦਾ ਮਨ ਮੋਹ ਲਿਆ ਅਤੇ ਉਨਾਂ ਨੂੰ ਪੱਬ ਚੱਕਣ ਲਈ ਮਜਬੂਰ ਕਰ ਦਿੱਤਾ। ਇਸੇ ਤਰਾਂ ਸਟੇਡੀਅਮ ਵਿੱਚ ਹੋਏ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਸਾਨਦਾਰ ਪ੍ਰਦਰਸਨ ਦੀ ਵੀ ਦਰਸਕਾਂ ਨੇ ਭਰਪੂਰ ਸਲਾਘਾ ਕਰਦਿਆਂ ਤਾੜੀਆਂ ਦੀ ਗੜਗੜਾਹਟ ਨਾਲ ਹੌਂਸਲਾ ਵਧਾਇਆ। ਇਸ ਮੌਕੇ ਹੋਈ ਆਤਿਸਬਾਜੀ ਦਾ ਵੀ ਹਾਜਰ ਲੋਕਾਂ ਨੇ ਆਨੰਦ ਮਾਣਿਆ।