ਐਨ.ਪੀ.ਐੱਸ ਮੁਲਾਜ਼ਮ 9 ਜੁਲਾਈ ਨੂੰ ਵਿੱਤ ਮੰਤਰੀ ਦੀ ਸੰਗਰੂਰ ਰਿਹਾਇਸ਼ ਤੱਕ ਮਾਰਚ ਕਰਕੇ ਯਾਦ ਕਰਵਾਉਣਗੇ ਕੀਤੇ ਚੋਣ ਐਲਾਨ: ਪੀ.ਪੀ.ਪੀ.ਐਫ ਫਰੰਟ

 ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸੂਬਾ ਕਮੇਟੀ ਮੀਟਿੰਗ ਵਿੱਚ 9 ਜੁਲਾਈ ਦੇ ਸੰਗਰੂਰ “ਵਾਅਦਾ ਯਾਦ ਦਿਵਾਊ ਮਾਰਚ” ਦੀ ਤਿਆਰੀ ਅਤੇ ਲਾਮਬੰਦੀ ਲਈ ਲਏ ਅਹਿਮ ਫੈਸਲੇ

~ਸੈਂਕੜਿਆਂ ਦੀ ਗਿਣਤੀ ਵਿੱਚ 9 ਜੁਲਾਈ ਨੂੰ ਸੰਗਰੂਰ ਪਹੁੰਚਣਗੇ ਐਨ.ਪੀ.ਐੱਸ ਮੁਲਾਜ਼ਮ : ਅਤਿੰਦਰ ਪਾਲ ਸਿੰਘ

~ਐਨ.ਪੀ.ਐੱਸ ਮੁਲਾਜ਼ਮ 9 ਜੁਲਾਈ ਨੂੰ ਵਿੱਤ ਮੰਤਰੀ ਦੀ ਸੰਗਰੂਰ ਰਿਹਾਇਸ਼ ਤੱਕ ਮਾਰਚ ਕਰਕੇ ਯਾਦ ਕਰਵਾਉਣਗੇ ਕੀਤੇ ਚੋਣ ਐਲਾਨ: ਪੀ.ਪੀ.ਪੀ.ਐਫ ਫਰੰਟ

5 ਜੁਲਾਈ,ਪਟਿਆਲਾ : ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 9 ਜੁਲਾਈ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਉਲੀਕੇ ਹੋਏ “ਵਾਅਦਾ ਯਾਦ ਦਿਵਾਊ” ਮਾਰਚ ਦੀ ਰੂਪਾ ਰੇਖਾ ਅਤੇ ਤਿਆਰੀਆਂ ਨੂੰ ਵਿਉਂਤਣ ਲਈ ਸੂਬਾ ਕਮੇਟੀ ਮੀਟਿੰਗ ਕਰਕੇ ਅਹਿਮ ਫੈਸਲੇ ਲਏ ਗਏ।ਮੀਟਿੰਗ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਸੂਬਾਈ ਲੀਡਰਸ਼ੀਪ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਸੰਗਰੂਰ ਐਕਸ਼ਨ ਨੂੰ ਭਰਵੀਂ ਹਮਾਇਤ ਦਿੱਤੀ ਗਈ।



ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਅਤੇ ਪੇਸ਼ ਕੀਤੇ ਬਜਟ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਮਤਾ ਨਾ ਲਿਆਂਦੇ ਜਾਣ ਨੇ ਪੰਜਾਬ ਦੇ ਸਮੁੱਚੇ ਐਨ.ਪੀ.ਐੱਸ ਮੁਲਾਜ਼ਮਾਂ ਦੀਆਂ ਆਸਾਂ ਨੂੰ ਵੱਡਾ ਝਟਕਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਬਹਾਲ ਕਰਨ ਦੇ ਲੋਕ ਲੁਭਾਊ ਵੱਡੇ ਵਾਅਦੇ ਤੇ ਐਲਾਨ ਕੀਤੇ ਗਏ ਸਨ।ਇਹਨਾਂ ਚੋਣ ਐਲਾਨਾਂ ਵਿੱਚ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਐੱਨ.ਪੀ.ਐੱਸ. ਮੁਲਾਜ਼ਮਾਂ ਦੇ ਸੰਘਰਸ਼ਾਂ ਵਿਚ ਸ਼ਾਮਲ ਹੋ ਕੇ ਅਤੇ ਆਪਣੀ ਸੰਗਰੂਰ ਰਿਹਾਇਸ਼ ਵਿਖੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਜਨਤਕ ਐਲਾਨ ਪ੍ਰਮੁੱਖ ਤੌਰ ਤੇ ਸ਼ਾਮਲ ਹਨ।ਸੂਬਾ ਕਮੇਟੀ ਆਗੂ ਜਸਵੀਰ ਭੰਮਾ ਅਤੇ ਗੁਰਬਿੰਦਰ ਖਹਿਰਾ ਨੇ ਕਿਹਾ ਕਿ ਮੁਲਾਜ਼ਮਾਂ ਨੇ ਇਹਨਾਂ ਐਲਾਨਾਂ ਤੋਂ ਆਸਵੰਦ ਹੋ ਕੇ ਅਤੇ ਪਿਛਲੀਆਂ ਸਰਕਾਰਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਹੰਢਾਉਣ ਮਗਰੋਂ ਆਪ ਪਾਰਟੀ ਨੂੰ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ।ਪਰ ਹੁਣ ਭਗਵੰਤ ਮਾਨ ਸਰਕਾਰ ਬਣਨ ਦੇ ਲਗਭਗ ਚਾਰ ਮਹੀਨੇ ਬੀਤਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਮੇਤ ਹੋਰਨਾਂ ਚੋਣ ਵਾਅਦਿਆਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਆਪ ਸਰਕਾਰ ਦਾ ਦੋਗਲਾ ਕਿਰਦਾਰ ਲੋਕਾਂ ਵਿੱਚ ਦਿਨ ਪ੍ਰਤੀ ਦਿਨ ਬੇਪਰਦ ਹੋ ਰਿਹਾ ਹੈ।

ਪ੍ਰੈਸ ਸਕੱਤਰ ਸਤਪਾਲ ਸਮਾਣਵੀ , ਜਗਜੀਤ ਜਟਾਣਾ ਅਤੇ ਜਸਵਿੰਦਰ ਔਜਲਾ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਰਾਜਸਥਾਨ ਅਤੇ ਛੱਤੀਸਗੜ ਰਾਜਾਂ ਵਿੱਚ ਨਵੀੰ ਪੈਨਸ਼ਨ ਸਕੀਮ ਨੂੰ ਵਾਪਸ ਲੈ ਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਲਾਗੂ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਇਹ ਫੈਸਲਾ ਲੈਣ ਵਿੱਚ ਦੇਰੀ ਕਿਉਂ ਕਰ ਰਹੀ ਹੈ।ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਉਹਨਾਂ ਦੇ ਚੋਣ ਐਲਾਨਾਂ ਨੂੰ ਮੁੜ ਯਾਦ ਕਰਵਾਉਣ,ਆਪ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਜੱਥੇਬੰਦਕ ਰੋਸ ਪ੍ਰਗਟਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਤੇ ਅਮਲੀ ਕਾਰਵਾਈ ਸ਼ੁਰੂ ਕਰਵਾਉਣ ਲਈ ਐਨ.ਪੀ.ਐਸ ਮੁਲਾਜ਼ਮ ਸਮੁੱਚੇ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣਗੇ।

ਮੀਟਿੰਗ ਵਿੱਚ ਸੂਬਾ ਸਲਾਹਕਾਰ ਵਿਕਰਮਦੇਵ ਸਿੰਘ, ਜਗਤਾਰ ਰਾਮ, ਅਮਨਦੀਪ ਦੇਵੀਗੜ, ਪਰਗਟ ਸਿੰਘ, ਹਰਮਿੰਦਰ ਸਿੰਘ, ਭਰਤ ਕੁਮਾਰ, ਕ੍ਰਿਸ਼ਨ ਘਨੌਰ,  ਆਦਿ ਸ਼ਾਮਲ ਹੋਏ।

Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends