ਡੀਡੀਓ ਪਾਵਰਾਂ ਨਾ ਜਾਰੀ ਕਰਨ ਕਾਰਣ ਸੈਂਕੜੇ ਅਧਿਆਪਕ ਤਨਖ਼ਾਹੋਂ ਵਾਂਝੇ
ਡੀ.ਟੀ.ਐੱਫ.ਪੰਜਾਬ ਨੇ ਸਿੱਖਿਆ ਮੰਤਰੀ ਪਾਸੋਂ ਤੁਰੰਤ ਹੱਲ ਦੀ ਕੀਤੀ ਮੰਗ
ਡੂੰਘੀ ਨੀਂਦ ਸੁੱਤੇ ਵਿਭਾਗ ਦੇ ਅਧਿਕਾਰੀਆਂ ਨੇ ਜਾਰੀ ਨਹੀਂ ਕੀਤੀਆਂ ਡੀ.ਡੀ.ਓ ਪਾਵਰਾਂ
ਡੀ.ਟੀ.ਐੱਫ.ਪੰਜਾਬ ਨੇ ਪੁਰਾਣੀ ਡੀ.ਡੀ.ਓ.ਪਾਲਿਸੀ ਜਾਰੀ ਕਰਨ ਅਤੇ 75 ਫ਼ੀਸਦੀ ਕੋਟੇ ਤਹਿਤ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦੀ ਭਰਤੀ ਮੁਕੰਮਲ ਕਰਨ ਦੀ ਮੰਗ
ਅੰਮ੍ਰਿਤਸਰ, 11 ਜੂਨ 2022: ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਡੀ.ਓ. ਪਾਵਰਾਂ ਅਲਾਟ ਕਰਨ ਦੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਸੈਂਕੜੇ ਅਧਿਆਪਕ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਤੋਂ ਸੱਖਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਸੂਬਾਈ ਵਿੱਤ ਸਕੱਤਰ ਅਸ਼ਵਨੀ ਅਵਸਥੀ-ਕਮ-ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ 7 ਅਪ੍ਰੈਲ 2022 ਨੂੰ ਮਿਲੀ ਅਦਾਲਤੀ ਸਟੇਅ ਸਦਕਾ ਹਫਤੇ ਦੇ ਤਿੰਨ ਦਿਨ ਦੂਰ ਦੁਰਾਡੇ ਦੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਵਿੱਚ ਡਿਊਟੀ ਨਿਭਾਅ ਰਹੇ, ਬਹੁਤ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਵੱਲੋਂ ਦੂਹਰਾ ਚਾਰਜ਼ ਛੱਡ ਦਿੱਤਾ ਗਿਆ ਸੀ। ਵਾਧੂ ਸਕੂਲਾਂ ਦਾ ਚਾਰਜ ਛੱਡਣ ਕਾਰਣ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਨਿੱਕਲਣ ਵਿੱਚ ਰੁਕਾਵਟ ਪੈਦਾ ਹੋ ਗਈ। ਇਸ ਰੁਕਾਵਟ ਦੇ ਦੋ ਮਹੀਨਿਆਂ ਤੋਂ ਵਧੇਰੇ ਸਮਾਂ ਬੀਤਣ ਅਤੇ ਸਿੱਖਿਆ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮਸਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਸੰਵੇਦਨਹੀਣਤਾ ਅਤੇ ਢਿੱਲੇ ਰਵੱਈਏ ਤੋਂ ਕੰਮ ਲਿਆ ਗਿਆ। ਜਿਸ ਕਾਰਨ ਹਜਾਰਾਂ ਅਧਿਆਪਕਾਂ ਨੂੰ ਮਾਰਚ, ਅਪ੍ਰੈਲ, ਮਈ ਮਹੀਨਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ ਅਤੇ ਅਧਿਆਪਕਾਂ ਨੂੰ ਭਾਰੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਡੀ.ਟੀ.ਐਫ.ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਖਹਿਰਾ ਅਤੇ ਚਰਨਜੀਤ ਸਿੰਘ ਰਾਜਧਾਨ, ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੇ ਆਗੂਆਂ ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਸੁਖਵਿੰਦਰ ਸਿੰਘ ਬਿੱਟਾ,ਗੁਰਪ੍ਰੀਤ ਸਿੰਘ ਨਾਭਾ, ਰਾਜੇਸ਼ ਕੁਮਾਰ ਪਰਾਸ਼ਰ, ਵਿਪਨ ਰਿਖੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਮੱਲੀਆਂ, ਕੁਲਦੀਪ ਸਿੰਘ ਤੌਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਚਰਨਜੀਤ ਸਿੰਘ ਭੱਟੀ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਬਖਸ਼ੀਸ਼ ਸਿੰਘ ਬੱਲ ਆਦਿ ਵੱਲੋਂ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਵਿੱਚ ਫੌਰੀ ਦਖਲ ਦੇਣ ਅਤੇ ਸਬੰਧਿਤ ਸਕੂਲਾਂ ਦੀਆਂ ਡੀ.ਡੀ.ਓ. ਪਾਵਰਾਂ ਨੇੜਲੇ ਸਕੂਲ ਮੁਖੀਆਂ ਨੂੰ ਅਲਾਟ ਕਰਕੇ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਨਾਲ ਇਹ ਵੀ ਪੁਰਜ਼ੋਰ ਮੰਗ ਕੀਤੀ ਗਈ ਕੀ ਪੁਰਾਣੀ ਡੀ.ਡੀ.ਓ. ਪਾਲਿਸੀ ਲਾਗੂ ਕੀਤੀ ਜਾਵੇ, ਨਿਯਮਾਂ ਅਧੀਨ ਬਣਦੇ 75% ਕੋਟੇ ਤਹਿਤ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਅਤੇ ਭਰਤੀ ਪ੍ਰਕਿਰਿਆ ਦੇ ਮੁਕੰਮਲ ਨਾ ਹੋਣ ਤੱਕ ਸਕੂਲ ਦੇ ਸੀਨੀਅਰ ਅਧਿਆਪਕ ਨੂੰ ਡੀਡੀਓ ਪਾਵਰਾਂ ਅਲਾਟ ਕੀਤੀਆਂ ਜਾਣ ਤਾਂ ਜੋ ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀਆਂ ਦੀਆਂ ਤਨਖਾਹਾਂ ਨਿਰਵਿਘਨ ਮਿਲ ਸਕਣ।