ਸਕੂਲ, ਕਾਲਜ, ਆਈ.ਟੀ.ਆਈ., ਲਾਇਬ੍ਰੇਰੀਆਂ, ਕੋਚਿੰਗ ਅਤੇ ਸਿਖਲਾਈ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ
ਜ਼ਿਲ੍ਹੇ ਵਿੱਚ ਦਾਖਲ ਹੋਣ ਲਈ ਟੀਕੇ ਦੀਆਂ ਦੋਵੇਂ ਖੁਰਾਕਾਂ ਜਾਂ ਨੈਗੇਟਿਵ ਆਰ ਟੀ ਸੀ ਪੀ ਸੀ ਆਰ ਲਾਜ਼ਮੀ
ਕੋਵਿਡ ਪਾਬੰਦੀਆਂ 25 ਫਰਵਰੀ ਤੱਕ ਵਧਾਈਆਂ
ਨਵਾਂਸ਼ਹਿਰ, 15 ਫਰਵਰੀ 2022:
ਕੋਵਿਡ ਮਹਾਂਮਾਰੀ ਦੀ ਸਥਿਤੀ ਵਿੱਚ ਸੁਧਾਰ ਹੋਣ ਦੇ ਨਾਲ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਜ਼ਿਲ੍ਹੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜੋ ਕੋਵਿਡ ਤੋਂ ਬਚਾਅ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ ਜਾਂ ਕੋਵਿਡ ਤੋਂ ਠੀਕ ਹੋਏ ਹਨ ਜਾਂ 72 ਘੰਟਿਆਂ ਤੋਂ ਘੱਟ ਸਮੇਂ ਦੀ ਨੈਗੇਟਿਵ ਆਰ ਟੀ ਪੀ ਸੀ ਆਰ ਰਿਪੋਰਟ ਵਾਲੇ ਹਨ।
ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਯਾਤਰੀ ਕੋਲ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤਾਂ ਉਸ ਦੀ ਰੈਪਿਡ ਟੈਸਟਿੰਗ ਲਾਜ਼ਮੀ ਹੋਵੇਗੀ। ਹਵਾਈ ਉਡਾਣਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ ਪੂਰੀ ਤਰ੍ਹਾਂ ਟੀਕਾਕਰਣ ਜਾਂ ਕੋਵਿਡ ਤੋਂ ਠੀਕ ਹੋਣ ਜਾਂ 72 ਘੰਟਿਆਂ ਤੋਂ ਘੱਟ ਸਮੇਂ ਦੀ ਨੈਗੇਟਿਵ ਆਰ ਟੀ ਪੀ ਸੀ ਆਰ ਰਿਪੋਰਟ ਦੀ ਲਾਜ਼ਮੀ ਤੌਰ 'ਤੇ ਲੋੜ ਹੋਵੇਗੀ।
ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਛੋਟ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਘਰ ਤੋਂ ਕੰਮ ਕਰਨਾ ਲਾਜ਼ਮੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਕਿਹਾ ਕਿ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਮਾਸਕ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕੋਈ ਸੇਵਾ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਕੂਲ, ਕਾਲਜ, ਆਈ.ਟੀ.ਆਈ., ਲਾਇਬ੍ਰੇਰੀਆਂ, ਕੋਚਿੰਗ ਅਤੇ ਸਿਖਲਾਈ ਸੰਸਥਾਵਾਂ ਨੂੰ ਕਲਾਸਾਂ ਲਈ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਔਨਲਾਈਨ ਕਲਾਸਾਂ ਦਾ ਬਦਲ ਵੀ ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੋਵਿਡ-19 ਦੇ ਢੁਕਵੇਂ ਵਿਵਹਾਰ ਸੰਬੰਧੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਸਰੀਰਕ ਕਲਾਸਾਂ ਲਗਾਈਆਂ ਜਾਣਗੀਆਂ, ਜਿਸ ਵਿੱਚ ਮਾਸਕ, ਸਮਾਜਿਕ ਦੂਰੀ ਦੇ ਨਿਯਮਾਂ ਅਤੇ ਨਿਯਮਤ ਸੈਨੀਟਾਈਜ਼ੇਸ਼ਨ ਸ਼ਾਮਲ ਹਨ।
ਉਨ੍ਹਾਂ ਨੇ ਸੰਸਥਾਵਾਂ ਨੂੰ ਅੱਗੇ ਕਿਹਾ ਕਿ ਉਹ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਸਰੀਰਕ ਕਲਾਸਾਂ ਵਿੱਚ ਸ਼ਾਮਲ ਹੋਣ ਸਮੇਂ ਟੀਕਾਕਰਨ ਦੀ ਘੱਟੋ-ਘੱਟ ਪਹਿਲੀ ਖੁਰਾਕ ਲੈਣ ਦੀ ਸਲਾਹ ਦੇਣ।
ਸ਼੍ਰੀ ਸਾਰੰਗਲ ਨੇ ਅੱਗੇ ਕਿਹਾ ਕਿ ਸਬੰਧਤ ਸਥਾਨ ਦੀ ਸਮਰੱਥਾ ਦੇ ਵੱਧ ਤੋਂ ਵੱਧ 50% ਤੱਕ ਇਕੱਠ ਕਰਨ ਦੀ ਆਗਿਆ ਹੋਵੇਗੀ। ਇਨ੍ਹਾਂ ਇਕੱਠਾਂ ਦੀ ਇਜਾਜ਼ਤ ਸਿਰਫ਼ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਨਾਲ ਹੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਨੂੰ ਆਪਣੀ ਸਮਰੱਥਾ ਦੇ 75 ਪ੍ਰਤੀਸ਼ਤ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ, ਜਿਸ ਦੇ ਅਧੀਨ ਸਾਰੇ ਸਟਾਫ ਮੈਂਬਰਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋਣਾ ਜ਼ਰੂਰੀ ਹੈ। ਏ ਸੀ ਬੱਸਾਂ ਨੂੰ ਸਮਰੱਥਾ ਦੇ 50 ਫੀਸਦੀ 'ਤੇ ਚੱਲਣ ਦੀ ਇਜਾਜ਼ਤ ਹੈ।