ਤਾਰੇ ਜਮੀਂ ਪਰ.....
ਭਾਸ਼ਾ ਕੌਸ਼ਲ ਨਿਪੁੰਨ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਮਿਲੇਗਾ 'ਸਟਾਰ' ਦਰਜਾ
ਇੰਗਲਿਸ਼ ਬੂਸ਼ਟਰ ਕਲੱਬ ਤਹਿਤ ਸਰਕਾਰੀ ਸਕੂਲਾਂ ਦੇ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀ ਜੁੜਣਗੇ ਆਨਲਾਈਨ
ਵਿਦਿਆਰਥੀਆਂ ਨੂੰ ਬੋਲਣ ਲਈ ਦਿੱਤੇ ਗਏ ਹਨ ਵੱਖ-ਵੱਖ ਟੋਪਿਕ
ਐੱਸ.ਏ.ਐੱਸ. ਨਗਰ 6 ( ਚਾਨੀ )
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਨੂੰ ਬੋਲਣ ਦੇ ਕੌਸ਼ਲਾਂ ਵਿੱਚ ਹੋਰ ਨਿਪੁੰਨ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 100 ਦਿਨਾਂ ਪੜ੍ਹਣ ਮੁਹਿੰਮ ਦੇ ਨਾਲ-ਨਾਲ ਸਕੂਲਾਂ ਵਿੱਚ ਬਣਾਏ ਗਏ ਇੰਗਲਿਸ਼ ਬੂਸਟਰ ਕਲੱਬਾਂ ਦੇ ਲਈ ਵੀ ਵਿਭਾਗ ਵੱਲੋਂ ਵਿਸ਼ੇਸ਼ ਕਿਰਿਆਵਾਂ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ ਹੈ। ਗਾਈਡ ਅਧਿਆਪਕਾਂ ਦੀ ਅਗਵਾਈ ਵਿੱਚ ਤਿਆਰ ਹੋ ਕੇ 10 ਤੋਂ 15 ਜਨਵਰੀ ਤੱਕ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਚੁਣ ਕੇ ਜਾਂ ਆਪਣੀ ਪਸੰਦ ਦੇ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਭਾਸ਼ਾ ਦੇ ਬੋਲਣ ਵਿੱਚ ਹੋਰ ਮੁਹਾਰਤ ਹਾਸਲ ਹੋਵੇਗੀ ਉਸਦੇ ਨਾਲ ਹੀ ਵਿਦਿਆਰਥੀਆਂ ਨੂੰ ਬੋਲਣ ਅਤੇ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਵੀ ਮਿਲੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਵਿੱਚ ਸਥਾਪਿਤ ਇੰਗਲਿਸ਼ ਬੂਸ਼ਟਰ ਕਲੱਬਾਂ ਦੇ ਵਿਦਿਆਰਥੀ ਮੈਂਬਰ ਅਤੇ ਅਧਿਆਪਕ ਵੀਡੀਓ ਐਪ ਰਾਹੀਂ ਜੁੜਣਗੇ। ਜਿਸ ਦੇ ਪ੍ਰਬੰਧਕ ਅੰਗਰੇਜ਼ੀ ਦੇ ਜ਼ਿਲ੍ਹਾ ਮੈਂਟਰ ਹੋਣਗੇ ਅਤੇ ਹਰੇਕ ਭਾਗ ਲੈਣ ਵਲਾ ਵਿਦਿਆਰਥੀ 45 ਤੋਂ 90 ਸੈਕਿੰਡ ਤੱਕ ਆਪਣੇ ਚੁਣੇ ਵਿਸ਼ੇ 'ਤੇ ਵਿਚਾਰ ਪੇਸ਼ ਕਰਨਗੇ। ਇਸ ਆਨ-ਲਾਈਨ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਡਾਇਟ ਪ੍ਰਿੰਸੀਪਲ, ਬਲਾਕ ਨੋਡਲ ਅਫ਼ਸਰ, ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਰਿਸੋਰਸ ਪਰਸਨ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ (ਸੋਸ਼ਲ/ਪ੍ਰਿੰਟ) ਵਿੱਚੋਂ ਵੀ ਮੁੱਖ ਮਹਿਮਾਨ ਜਾਂ ਮਹਿਮਾਨ ਦੇ ਰੂਪ ਵਿੱਚ ਭਾਗ ਲੈ ਸਕਦੇ ਹਨ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ, ਲੈਕਚਰਾਰ ਅਤੇ ਇੱਕ ਅਧਿਆਪਕ ਦੀ ਬਣਾਈ ਕਮੇਟੀ ਦੇ ਮੁਲਾਂਕਣ ਦੇ ਆਧਾਰ 'ਤੇ ਗਿਣਤੀ ਅਨੁਸਾਰ ਤਾਰੇ (ਸਟਾਰ) ਦਿੱਤੇ ਜਾਣਗੇ।
ਇਸ ਪ੍ਰਕਿਰਿਆ ਦੌਰਾਨ ਵਿਦਿਆਰਥੀ ਦਾ ਗਾਇਡ ਅਧਿਆਪਕ 30 ਸੈਕਿੰਡ ਲਈ ਆਪਣੇ ਵਿਦਿਆਰਥੀ ਦੀ ਜਾਣ-ਪਹਿਚਾਣ ਕਰਵਾਏਗਾ ਅਤੇ ਫੇਰ ਵਿਦਿਆਰਥੀ ਇੱਕ ਮਿੰਟ ਲਈ ਆਪਣੇ ਵਿਚਾਰ ਪੇਸ਼ ਕਰੇਗਾ। 30 ਸੈਕਿੰਡ ਵਿੱਚ ਫੀਡਬੈਕ ਦੇਣ ਵਾਲੀ ਟੀਮ ਵਿਦਿਆਰਥੀ ਨੂੰ ਸਾਕਾਰਾਤਮਕ ਢੰਗ ਨਾਲ ਪ੍ਰੇਰਿਤ ਕਰੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਗਾਇਡ ਅਧਿਆਪਕ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਜਾਣਗੇ।
ਵੱਖ-ਵੱਖ ਵਿਸ਼ਿਆਂ ਵਿੱਚ ਮੈਂ ਆਪਣੇ ਭਾਰਤ ਦੇਸ਼ ਨੂੰ ਪਿਆਰ ਕਰਦਾ ਹਾਂ, ਮੇਰੇ ਸੁਪਨਿਆਂ ਦਾ ਪੰਜਾਬ, ਇੰਗਲਿਸ਼ ਬੂਸਟਰ ਕਲੱਬ ਸਬੰਧੀ ਵਿਚਾਰ, ਆਤਮ-ਵਿਸ਼ਵਾਸ, ਸਫ਼ਾਈ ਇੱਕ ਆਸ਼ੀਰਵਾਦ, ਪੜ੍ਹਣਾ ਮੇਰੀ ਰੂਚੀ ਹੈ, ਪੜ੍ਹਣਾ ਇੱਕ ਮਹੱਤਵਪੂਰਨ ਕੌਸ਼ਲ ਹੈ, ਪਹਿਲਾਂ ਤੋਲੋ ਫੇਰ ਬੋਲੋ, ਕਦਰਾਂ-ਕੀਮਤਾਂ ਮਾਨਵਤਾ ਦਾ ਆਧਾਰ ਹੁੰਦੀਆਂ ਹਨ, ਮੈਂ ਆਪਣੀ ਨਵੀਂ ਕਿਤਾਬ ਸਵਾਗਤ ਜ਼ਿੰਦਗੀ ਨੂੰ ਪਸੰਦ ਕਰਦਾ ਹਾਂ, ਜੇ ਮੈਂ ਵਿਸ਼ਾ ਅਧਿਆਪਕ ਹੁੰਦਾ, ਕਿਤਾਬਾਂ ਦਾ ਸੰਗ ਹੀ ਉਚਿਤ ਸੰਗ ਹੈ ਜਾਂ ਆਪਣੀ ਪਸੰਦ ਦੇ ਇੱਕ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ।