ਅਧਿਆਪਕ ਭਰਤੀਆਂ ਸਬੰਧੀ ਚਲ ਰਹੀ ਪ੍ਰੀਕ੍ਰਿਆ ਨੂੰ ਨੇਪਰੇ ਚਾੜ੍ਹਕੇ ਨਿਯੁਕਤੀ ਪੱਤਰ ਦਿੱਤੇ ਜਾਣ-ਹਰਪਾਲ ਕੌਰ
ਚੋਣ ਜਾਬਤੇ ਤੋ ਐਨ ਪਹਿਲਾ ਵੀ ਮੁੱਖ ਮੰਤਰੀ, ਸਿੱਖਿਆ ਮੰਤਰੀ ਨਾਲ ਹੋਈ ਅਹਿਮ ਮੀਟਿੰਗ
ਚੰਡੀਗੜ 10 ਜਨਵਰੀ(ਪੱਤਰ ਪ੍ਰੇਰਕ) ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ੍ਰਪ੍ਰਸਤ ਮੈਡਮ ਹਰਪਾਲ ਕੌਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਿੱਖਿਆ ਮੰਤਰੀ ਪ੍ਰਗਟ ਸਿੰਘ ਤੋਂ ਮੰਗ ਕੀਤੀ ਹੈ ਕਿ 6635 ਈ ਟੀ ਟੀ ਅਧਿਆਪਕਾਂ ਦੀ ਚਲ ਰਹੀ ਸਕਰੂਟਨੀ ਨੂੰ ਪੂਰਾ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ,ਨਾਲ ਹੀ ਉਨ੍ਹਾਂ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਕਿ ਚਲ ਰਹੀਆਂ ਭਰਤੀਆਂ ਨੂੰ ਜੇਕਰ ਕੋਈ ਲੋੜੀਂਦੀ ਪ੍ਰਵਾਨਗੀ ਦੀ ਜ਼ਰੂਰਤ ਹੈ ਤਾਂ ਉਹ ਤਰੁੰਤ ਦਿੱਤੀ ਜਾਵੇ। ਤਾਂ ਕਿ ਪਿਛਲੇ ਲੰਬੇ ਅਰਸੇ ਤੋ ਹੱਕੀ ਭਰਤੀ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨਾਲ ਇਨਸਾਫ ਹੋ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਵੀਂਆਂ ਮਨਜ਼ੂਰ ਕੀਤੀਆਂ ਅਧਿਆਪਕਾਂ ਦੀਆਂ ਪੋਸਟਾਂ ਨੂੰ ਵੀ ਆਨਲਾਈਨ ਕੀਤਾ ਜਾਵੇ।
ਈ ਟੀ ਟੀ ਅਧਿਆਪਕਾਂ ਦੀ ਸ੍ਰਪ੍ਰਸਤ ਮੈਡਮ ਹਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲ੍ਹੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਅਧਿਆਪਕਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ,ਉਨ੍ਹਾਂ ਕਿਹਾ ਕਿ ਬੇਸ਼ੱਕ ਵੱਖ ਵੱਖ ਅਧਿਆਪਕ ਅਸਾਮੀਆਂ ਸਬੰਧੀ ਬਹੁਤੀ ਪ੍ਰਕਿਰਿਆ ਨੂੰ ਨੇੜੇ ਲਾ ਲਿਆ ਸੀ ਪਰ ਮੁੱਖ ਮੰਤਰੀ, ਵਿੱਤ ਮੰਤਰੀ ਦੇ ਅੜੀਅਲ ਰਵੱਈਏ ਕਾਰਨ ਅਜੇ ਕੋਈ ਵੀ ਭਰਤੀ ਸਿਰੇ ਨਹੀਂ ਚੜ੍ਹੀ। ਉਨ੍ਹਾਂ ਦੱਸਿਆ ਕਿ ਚੋਣ ਜਾਬਤੇ ਤੋਂ ਐਨ ਪਹਿਲਾ ਵੀ ਮੁੱਖ ਮੰਤਰੀ, ਸਿੱਖਿਆ ਮੰਤਰੀ ਨਾਲ ਅਹਿਮ ਮੀਟਿੰਗ ਵੀ ਹੋਈ,ਜਿਸ ਦੌਰਾਨ ਵੱਖ ਵੱਖ ਭਰਤੀਆਂ ਨੂੰ ਨੇਪਰੇ ਚਾੜ੍ਹਨ,ਵਲੰਟੀਅਰ ਅਧਿਆਪਕਾਂ ਦੇ 6600 ਵਾਧੇ ਅਤੇ ਮੁਲਾਜ਼ਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤਿਆਂ ਨੂੰ ਬਹਾਲ ਕਰਨ ਤੋਂ ਇਲਾਵਾ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵੀ ਠੋਸ ਰੂਪ ਵਿੱਚ ਗੱਲ ਰੱਖੀ ਗਈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ, ਮੁਲਾਜ਼ਮਾਂ ਦੇ ਮਸਲਿਆਂ ਨੂੰ ਨੇਪਰੇ ਚਾੜ੍ਹਨ ਲਈ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਐੱਮ ਵੀ ਕੇਵਲ ਸਿੰਘ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਮੌਕੇ ਅਧਿਆਪਕ ਆਗੂ ਅਕਬਰ ਸਿੰਘ ਬੱਪੀਆਣਾ, ਮਨਿੰਦਰਜੀਤ ਸਿੰਘ ਸੂਬਾ ਪ੍ਰਧਾਨ ਯੂਥ ਵਿੰਗ ਸਿੱਖ ਮਜ੍ਹਬੀ ਵਾਲਮੀਕਿ ਭਲਾਈ ਫਰੰਟ ਪੰਜਾਬ ਵੀ ਹਾਜ਼ਰ ਸਨ।