ਜ਼ਿਲ੍ਹੇ ਵਿੱਚ ਨਵੇਂ ਵਿਕਾਸ ਕਾਰਜ ਸ਼ੁਰੂ ਕਰਨ ਅਤੇ ਸਮਾਜਿਕ ਸਕੀਮਾਂ ਤਹਿਤ ਨਵੇਂ ਲਾਭ ਜਾਰੀ ਕਰਨ 'ਤੇ ਪੂਰਨ ਪਾਬੰਦੀ-ਡੀ.ਸੀ.
ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ 'ਤੇ ਸਰਕਾਰੀ ਮੁਲਾਜ਼ਮ ਹੋਵੇਗੀ ਸਖ਼ਤ ਕਾਰਵਾਈ- ਵਿਸ਼ੇਸ਼ ਸਾਰੰਗਲ
ਨਵਾਂਸ਼ਹਿਰ, 10 ਜਨਵਰੀ, 2022
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰਾਂ ਵਿੱਚ ਕੋਈ ਵੀ ਨਵਾਂ ਕੰਮ ਸ਼ੁਰੂ ਨਾ ਕਰਨ ਕਿਉਂਕਿ ਇਹ ਆਦਰਸ਼ ਚੋਣ ਜ਼ਾਬਤੇ ਦੀ ਸਰਾਸਰ ਉਲੰਘਣਾ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਕਾਰਜਕਾਰੀ ਇੰਜਨੀਅਰਾਂ, ਨਗਰ ਕੌਂਸਲਾਂ ਦੇ ਕਾਰਜਕਾਰੀ ਅਫ਼ਸਰਾਂ ਨਾਲ ਵਧੀਕ ਡਿਪਟੀ ਕਮਿਸ਼ਨਰਾਂ ਜਸਬੀਰ ਸਿੰਘ ਅਤੇ ਅਮਿਤ ਸਰੀਨ ਦੀ ਮੌਜੂਦਗੀ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਗਾਹ ਕੀਤਾ ਕਿ ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਹੀ 8 ਜਨਵਰੀ ਦੀ ਸ਼ਾਮ ਤੋਂ ਜ਼ਿਲ੍ਹੇ ਵਿੱਚ ਨਵੇਂ ਵਿਕਾਸ ਕਾਰਜ ਸ਼ੁਰੂ ਕਰਨ 'ਤੇ ਮੁਕੰਮਲ ਪਾਬੰਦੀ ਲਾਗੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਚੱਲ ਰਹੇ ਉਸਾਰੀ/ਵਿਕਾਸ ਕਾਰਜ ਹੀ ਕੀਤੇ ਜਾ ਸਕਦੇ ਹਨ, ਉਹ ਵੀ ਕੇਵਲ ਉਹ, ਜੋ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਪਾਣੀ ਜਾਂ ਸੀਵਰ ਦੀ ਪਾਈਪ ਲਾਈਨ 'ਚ ਅਚਨਚੇਤ ਖਰਾਬੀ ਆਉਣ 'ਤੇ ਮੁਰੰਮਤ ਅਤੇ ਲੋਕ ਹਿੱਤ ਨਾਲ ਜੁੜੇ ਹੋਰ ਜ਼ਰੂਰੀ ਕਾਰਜ ਕੇਵਲ ਜ਼ਿਲ੍ਹਾ ਚੋਣ ਅਧਿਕਾਰੀ ਦੇ ਧਿਆਨ ਚ ਲਿਆਉਣ ਅਤੇ ਆਗਿਆ ਲੈਣ ਬਾਅਦ ਹੀ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਸਮਾਜਿਕ ਸਕੀਮਾਂ ਤਹਿਤ ਵੱਖ-ਵੱਖ ਪੈਨਸ਼ਨ ਸਕੀਮਾਂ, ਆਸ਼ੀਰਵਾਦ ਪ੍ਰੋਗਰਾਮ, ਸਮਾਰਟ ਰਾਸ਼ਨ ਕਾਰਡ, ਆਯੂਸ਼ਮਾਨ ਕਾਰਡ, ਲੇਬਰ ਕਾਰਡ ਅਤੇ ਹੋਰ ਲਾਭਪਾਤਰੀ ਸਕੀਮਾਂ ਤਹਿਤ ਨਵੇਂ ਮੈਂਬਰ ਬਣਾਏ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਵੀ ਸਿਆਸੀ ਪਾਰਟੀ/ਉਮੀਦਵਾਰ ਦੀਆਂ ਮੀਟਿੰਗਾਂ ਵਿੱਚ ਪ੍ਰਚਾਰ ਕਰਦਾ ਜਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਦਦ ਕਰਦਾ ਪਾਇਆ ਗਿਆ ਤਾਂ ਉਸ ਨੂੰ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਸ਼੍ਰੀ ਸਾਰੰਗਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਪੂਰੇ ਪ੍ਰਬੰਧ ਕਰ ਲਏ ਹਨ ਅਤੇ ਚੋਣ ਜ਼ਾਬਤਾ ਪੂਰੀ ਤਰ੍ਹਾਂ ਲਾਗੂ ਕਰਦੇ ਹੋਏ, ਉਲੰਘਣਾ ਕਰਨ ਵਾਲੇ ਖ਼ਿਲਾਫ਼ ਬਣਦੀ ਸਖ਼ਤ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।