ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ’ਚ ਕੋਵਿਡ-19 ਦੇ ਬਚਾਅ ਸਬੰਧੀ ਪਾਬੰਦੀਆਂ ਨੂੰ 25 ਜਨਵਰੀ ਤੱਕ ਵਧਾਇਆ
-ਸਮਾਜਿਕ ਤੇ ਰਾਜਨੀਤਿਕ ਇਕੱਠ ਲਈ 50 ਪ੍ਰਤੀਸ਼ਤ ਸਮਰੱਥਾ ਨਾਲ ਇਨਡੋਰ 50 ਅਤੇ ਆਊਟਡੋਰ 100 ਵਿਅਕਤੀਆਂ ਦੀ ਹੋਵੇਗੀ ਆਗਿਆ
-ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਗੰਭੀਰਤਾ ਨੂੰ ਲੈਂਦੇ ਹੋਏ ਪਾਬੰਦੀਆਂ ਦੇ ਹੁਕਮ ਜਾਰੀ
ਹੁਸ਼ਿਆਰਪੁਰ, 16 ਜਨਵਰੀ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ 1973 ਦੀ ਧਾਰਾ 144 ਸੀ.ਆਰ.ਪੀ.ਸੀ. ਅਤੇ ਆਪਦਾ ਪ੍ਰਬੰਧਨ ਐਕਟ-2005 ਤਹਿਤ ਕੋਵਿਡ-19 ਦੇ ਵੇਰੀਐਂਟ ਓਮੀਕਰੋਨ ਦੀ ਗੰਭੀਰਤਾ ਨੂੰ ਲੈਂਦੇ ਹੋਏ ਆਪਣੇ 28 ਦਸੰਬਰ 2021 ਅਤੇ 4 ਜਨਵਰੀ 2022 ਦੇ ਹੁਕਮਾਂ ਨੂੰ 15 ਜਨਵਰੀ ਤੋਂ 25 ਜਨਵਰੀ 2022 ਤੱਕ ਵਧਾ ਦਿੱਤਾ ਹੈ। ਜਾਰੀ ਹੁਕਮਾਂ ਵਿਚ ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਨਹੀਂ ਲਗਾਈਆਂ ਹਨ, ਉਨ੍ਹਾਂ ਨੂੰ ਵਧੇਰੇ ਸਾਵਧਾਨੀਆਂ ਅਪਨਾਉਣ ਦੀ ਜ਼ਰੂਰਤ ਹੈ। ਇਸ ਲਈ ਬਾਲਗ ਵਿਅਕਤੀ ਜਿਨ੍ਹਾਂ ਨੇ ਹੁਣ ਤੱਕ ਕੋਵਿਡ ਬਚਾਅ ਸਬੰਧੀ ਵੈਕਸੀਨ ਦੀ ਦੋਵੇਂ ਡੋਜ਼ਾਂ ਨਹੀਂ ਲਗਾਈਆਂ ਹਨ, ਉਹ ਘਰਾਂ ਵਿਚ ਹੀ ਰਹਿਣਗੇ ਅਤੇ ਉਹ ਵਿਅਕਤੀ ਕਿਸੇ ਵੀ ਜਨਤਕ ਸਥਾਨ, ਬਾਜ਼ਾਰ, ਧਾਰਮਿਕ ਸਥਾਨ ਅਤੇ ਪਬਲਿਕ ਟਰਾਂਸਪੋਰਟ ਆਦਿ ਸਥਾਨਾਂ ’ਤੇ ਨਹੀਂ ਜਾ ਸਕਣਗੇ। ਉਨ੍ਹਾਂ ਕਿਹਾ ਕਿ ਜਨਤਕ ਸਥਾਨਾਂ ਜਿਵੇਂ ਕਿ ਸਬਜ਼ੀ ਮੰਡੀ, ਦਾਣਾ ਮੰਡੀ, ਪਬਲਿਕ ਟਰਾਂਸਪੋਰਟ, ਪਾਰਕਾਂ, ਧਾਰਮਿਕ ਸਥਾਨਾਂ, ਮਾਲਜ਼, ਸ਼ਾਪਿੰਗ ਕੰਪਲੈਕਸ, ਹੱਟਸ, ਲੋਕਲ ਮਾਰਕੀਟ ਅਤੇ ਹੋਰ ਇਸ ਤਰ੍ਹਾਂ ਦੇ ਸਥਾਨ ’ਤੇ ਜਾਣ ਲਈ ਦੋਵੇਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ ਨੂੰ ਹੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਦੂਜੀ ਡੋਜ਼ ਡਿਊ ਨਹੀਂ ਹੈ, ਨੂੰ ਵੀ ਆਗਿਆ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ, ਬੋਰਡ, ਕਾਰਪੋਰੇਸ਼ਨ ਦਫ਼ਤਰਾਂ ਵਿਚ ਕੇਵਲ ਦੋਵੇਂ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ (ਸਮੇਤ ਉਨ੍ਹਾਂ ਦੇ ਕਰਮਚਾਰੀਆਂ) ਨੂੰ ਆਉਣ ਦੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਨੂੰ ਦੂਜੀ ਡੋਜ਼ ਡਿਊ ਨਹੀਂ ਹੈ, ਨੂੰ ਆਗਿਆ ਹੋਵੇਗੀ। ਹੋਟਲ, ਬਾਰ, ਰੈਸਟੋਰੈਂਟ, ਮਾਲ ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ, ਫਿਟਨੈਸ ਕੇਂਦਰ ਵਿਚ ਕੇਵਲ ਦੋਵੇਂ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ (ਸਮੇਤ ਉਨ੍ਹਾਂ ਦੇ ਕਰਮਚਾਰੀਆਂ) ਨੂੰ ਆਉਣ ਦੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਦੂਜੀ ਡੋਜ਼ ਡਿਊ ਨਹੀਂ ਹੈ, ਨੂੰ ਆਗਿਆ ਹੋਵੇਗੀ। ਇਸ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਬੈਂਕਾਂ ਵਿਚ ਕੇਵਲ ਦੋਵੇਂ ਕੋਵਿਡ ਬਚਾਅ ਸਬੰਧੀ ਵੈਕਸੀਨ ਦੀਆਂ ਡੋਜ਼ਾਂ ਲਗਾ ਚੁੱਕੇ ਬਾਲਗ ਵਿਅਕਤੀਆਂ (ਸਮੇਤ ਉਨ੍ਹਾਂ ਦੇ ਕਰਮਚਾਰੀਆਂ) ਨੂੰ ਆਉਣ ਦੀ ਆਗਿਆ ਹੋਵੇਗੀ ਜਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦੀ ਦੂਜੀ ਡੋਜ਼ ਨਹੀਂ ਹੈ, ਨੂੰ ਆਗਿਆ ਹੋਵੇਗੀ। ਇਸ ਤੋਂ ਇਲਾਵਾ ਏ.ਸੀ. ਬੱਸਾਂ ਸਿਰਫ 50 ਪ੍ਰਤੀਸ਼ਤ ਸਮਰੱਥਾ ਨਾਲ ਚੱਲ ਸਕਣਗੀਆਂ। ਸਮਾਜਿਕ ਅਤੇ ਰਾਜਨੀਤਿਕ ਇਕੱਠ ਲਈ ਇਨਡੋਰ 50 ਅਤੇ ਆਊਟਡੋਰ ਲਈ 100 ਵਿਅਕਤੀਆਂ ਦੀ ਇਜਾਜ਼ਤ ਹੋਵੇਗੀ। ਸਥਾਨ ਦੇ ਹਿਸਾਬ ਨਾਲ 50 ਫੀਸਦੀ ਤੱਕ ਇਕੱਠ ਦੀ ਆਗਿਆ ਹੋਵੇਗੀ। ਇਹ ਇਕੱਠ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਤਹਿਤ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲੈ ਲਈ ਹੈ, ਉਹ ਦੂਜੀ ਡੋਜ਼ 84 ਦਿਨ ਬਾਅਦ ਲਗਾਉਣ ਦੇ ਯੋਗ ਹੁੰਦਾ ਹੈ। ਇਸ ਤਰ੍ਹਾਂ ਜਿਸ ਵਿਅਕਤੀ ਨੇ ਕੋਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ, ਉਹ ਦੂਜੀ ਡੋਜ਼ 28 ਦਿਨ ਬਾਅਦ ਲਗਾਉਣ ਦੇ ਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸਟੇਟਸ ਚੈਕ ਕਰਨ ਲਈ ਦੂਜੀ ਡੋਜ਼ ਦਾ (ਹਾਰਡ ਜਾਂ ਸਾਫਟ ਕਾਪੀ) ਸਰਟੀਫਿਕੇਟ ਡਾਊਨਲੋਡ ਕੀਤਾ ਜਾ ਸਕਦਾ ਹੈ। ਪਹਿਲਾ ਸਰਟੀਫਿਕੇਟ ਚੈਕ ਕਰਕੇ ਦੇਖਿਆ ਜਾ ਸਕਦਾ ਹੈ ਕਿ ਦੂਜੀ ਡੋਜ਼ ਕਦੋਂ ਤੱਕ ਲੱਗਣ ਵਾਲੀ ਹੈ। ਜਿਸ ਵਿਅਕਤੀ ਕੋਲ ਸਮਾਰਟ ਫੋਨ ਨਹੀਂ ਹੈ, ਉਹ ਕੋਵਿਨ ਪੋਰਟਲ ਵਲੋਂ ਵੈਕਸੀਨ ਲੱਗਣ ਤੋਂ ਬਾਅਦ ਜੋ ਮੈਸੇਜ ਭੇਜਿਆ ਜਾਂਦਾ ਹੈ, ਉਸ ਨੂੰ ਸੰਭਾਲ ਕੇ ਰੱਖਣ ਅਤੇ ਜ਼ਰੂਰਤ ਪੈਣ ’ਤੇ ਦਿਖਾ ਸਕਦਾ ਹੈ। ਅਰੋਗਿਆ ਸੇਤੂ ਐਪ ਰਾਹੀਂ ਵੈਕਸੀਨੇਸ਼ਨ ਦਾ ਸਟੇਟਸ ਚੈਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਸਿਹਤ ਨਿਰਦੇਸ਼ਾਂ ਦੀ ਪਾਲਣਾ ਜਿਵੇਂ ਕਿ ਦੋ ਗਜ਼ ਦੀ ਸਮਾਜਿਕ ਦੂਰੀ, ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇਗਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਖਿਲਾਫ਼ ਸਖਤੀ ਅਪਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।