ਡੀ ਸੀ ਨੇ ਨਵਾਂਸ਼ਹਿਰ ਵਿੱਚ 15-18 ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ
ਨਵਾਂਸ਼ਹਿਰ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਕਰੀਬ 25000 ਬੱਚੇ ਕੋਵਿਡ-19 ਵੈਕਸੀਨ ਲਈ ਯੋਗ
ਸਾਰੰਗਲ ਨੇ ਯੋਗ ਲਾਭਪਾਤਰੀਆਂ ਨੂੰ ਓਮੀਕ੍ਰੋਨ ਦੇ ਖਤਰੇ ਦੇ ਮੱਦੇਨਜ਼ਰ ਟੀਕਾਕਰਣ ਕਰਵਾਉਣ ਲਈ ਕਿਹਾ
ਨਵਾਂਸ਼ਹਿਰ, 3 ਜਨਵਰੀ:
ਕਰੋਨਾਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਉਭਾਰ ਬਾਅਦ ਕੋਵਿਡ -19 ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਇਹਤਿਆਤੀ ਪ੍ਰਬੰਧਾਂ ਵਜੋਂ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ ਦੀ ਇਸ ਘਾਤਕ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਣ ਮੁਹਿੰਮ ਦਾ ਉਦਘਾਟਨ ਕੀਤਾ।
ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਜੰਗੀ ਪੱਧਰ ’ਤੇ ਚਲਾਉਣ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਉਮਰ ਵਰਗ ਦੇ 25000 ਲਾਭਪਾਤਰੀਆਂ ਦਾ ਕੋਵੈਕਸੀਨ ਨਾਲ ਟੀਕਾਕਰਣ ਕੀਤਾ ਜਾਵੇਗਾ ਅਤੇ 28 ਦਿਨਾਂ ਦੇ ਵਕਫੇ ਬਾਅਦ ਕੋਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ 2007 ਅਤੇ ਇਸ ਤੋਂ ਪਹਿਲਾਂ ਪੈਦਾ ਹੋਏ ਬੱਚੇ ਵੈਕਸੀਨ ਲਗਵਾਉਣ ਦੇ ਯੋਗ ਹਨ। ਉਨ੍ਹਾਂ ਮਾਪਿਆਂ, ਚੁਣੇ ਹੋਏ ਨੁਮਾਇੰਦਿਆਂ, ਵਲੰਟੀਅਰਾਂ ਅਤੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੀਆਂ ਸੈਸ਼ਨ ਸਾਈਟਾਂ (ਟੀਕਾਕਰਣ ਕੇਂਦਰਾਂ) ਵਿੱਚ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਤਾਂ ਜੋ ਲਾਭਪਾਤਰੀਆਂ ਨੂੰ ਟੀਕਾ ਲਗਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਟੀਕਾਕਰਣ ਮੁਹਿੰਮ ਤਹਿਤ ਇਸ ਉਮਰ ਵਰਗ ਲਈ ਵੱਖ-ਵੱਖ ਸੈਸ਼ਨ ਸਾਈਟਾਂ, ਕਤਾਰਾਂ ਅਤੇ ਟੀਕਾਕਰਣ ਟੀਮਾਂ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ।
ਸਾਰੰਗਲ ਨੇ ਜ਼ਿਲ੍ਹੇ ਦੇ ਹੋਰ ਯੋਗ ਲੋਕਾਂ ਨੂੰ ਵੀ ਕੋਵਿਡ ਵੈਕਸੀਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਇਹ ਬਹੁਤ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਇਸ ਲਾਗ ਦੀ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ, ਇਸ ਲਈ ਅਦਿੱਖ ਦੁਸ਼ਮਣ ਵਿਰੁੱਧ ਜੰਗ ਜਿੱਤਣ ਲਈ ਲੋਕਾਂ ਨੂੰ ਇਸ ਨੂੰ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ। ਜੇਕਰ ਕੋਈ ਵੀ ਮੁਕੰਮਲ ਟੀਕਾਕਰਣ ਵਾਲੇ ਵਿਅਕਤੀ ਕਰੋਨਾ ਵਾਇਰਸ ਦੇ ਸੰਪਰਕ ਵਿੱਚ ਆ ਜਾਂਦਾ ਹੈ ਤਾਂ ਇਹ ਬਿਮਾਰੀ ਉਸ ਵਿਅਕਤੀ ਲਈ ਜਾਨਲੇਵਾ ਨਹੀਂ ਬਣਦੀ। ਉਨ੍ਹਾਂ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ ਓਮੀਕਰੋਨ ਦੇ ਮਾਮਲੇ ਵਿੱਚ ਸਪੇਨ ਤੋਂ ਵਾਪਸ ਆਏ ਵਿਅਕਤੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹੋਣ ਕਾਰਨ, ਉਸ ’ਤੇ ਕੋਰੋਨਾ ਵਾਇਰਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਦੇਖਿਆ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਮਹਿਸੂਸ ਹੋਈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਅਤੇ ਸਟਾਕ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਅੱਗੇ ਕਿਹਾ ਕਿ ਦੂਜੀ ਖੁਰਾਕ ’ਤੇ ਵਿਸ਼ੇਸ਼ ਧਿਆਨ ਦੇ ਕੇ ਜਾਗਰੂਕਤਾ ਮੁਹਿੰਮ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਵਿੰਦਰ ਢਾਂਡਾ ਸਿਵਲ ਸਰਜਨ, ਡਾ. ਬਲਵਿੰਦਰ ਕੁਮਾਰ ਡੀ.ਆਈ.ਓ., ਡਾ. ਮਨਦੀਪ ਕਮਲ ਐਸ.ਐਮ.ਓ., ਡਾ. ਸਤਵਿੰਦਰਪਾਲ ਸਿੰਘ ਮੈਡੀਕਲ ਅਫ਼ਸਰ ਅਤੇ ਟੀਕਾਕਰਨ ਸਟਾਫ਼ ਹਾਜ਼ਰ ਸਨ।
,
ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 15 ਤੋਂ 18 ਸਾਲ ਵਰਗ ਵਾਸਤੇ ਟੀਕਾਰਕਰਣ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਡੀ ਸੀ ਵਿਸ਼ੇਸ਼ ਸਾਰੰਗਲ। ਨਾਲ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨਜ਼ਰ ਆ ਰਹੇ ਹਨ। |