ਮੰਤਰੀ ਮੰਡਲ ਵੱਲੋਂ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਗੀਤਾ ਅਧਿਐਨ ਅਤੇ ਸਨਾਤਨੀ ਗ੍ਰੰਥ ਸੰਸਥਾ ਦੀ ਸਥਾਪਨਾ ਨੂੰ ਮਨਜ਼ੂਰੀ
ਫਿਲਮ ਅਤੇ ਟੈਲੀਵਿਜ਼ਨ ਡਿਵੈਲਪਮੈਂਟ ਕੌਂਸਲ ਦੇ ਗਠਨ ਨੂੰ ਵੀ ਹਰੀ ਝੰਡੀ
ਚੰਡੀਗੜ੍ਹ, 23 ਦਸੰਬਰ
ਪੰਜਾਬ ਵਜ਼ਾਰਤ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਗੀਤਾ ਅਧਿਐਨ ਅਤੇ ਸਨਾਤਨੀ ਗ੍ਰੰਥ ਸੰਸਥਾ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਧਰਮਾਂ ਦੇ ਗਿਆਨ ਅਤੇ ਵਿਸ਼ਵਾਸ ਦੀ ਅਧਿਆਪਨ ਖੋਜ ਕੀਤੀ ਜਾ ਸਕੇ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਇਹ ਕੇਂਦਰ ਦੂਜੇ ਅਧਿਆਤਮਕ, ਧਾਰਮਿਕ, ਨਸਲੀ ਅਤੇ ਅਧਿਆਤਮਕ ਦ੍ਰਿਸ਼ਟੀਕੋਣ, ਸਿਧਾਂਤ ਅਤੇ ਰੀਤੀ-ਰਿਵਾਜਾਂ ਪ੍ਰਤੀ ਵਿਚਾਰਸ਼ੀਲ ਰਵੱਈਏ ਨੂੰ ਉਤਸ਼ਾਹਤ ਕਰੇਗਾ ਜੋ ਸਮਾਜ ਨੂੰ ਮਜ਼ਬੂਤ ਬਣਾਉਣ ਹਨ ਅਤੇ ਵਿਸ਼ਵ ਜੋ ਸਮਾਜਿਕ, ਆਰਥਿਕ ਅਤੇ ਵਾਤਾਵਰਣ ਪਗਡੰਡੀ ਦਾ ਸਾਹਮਣਾ ਕਰ ਰਹੇ ਹਨ, ਨੂੰ ਪਾਰ ਕਰਨ ਵਿਚ ਮਦਦ ਕਰੇਗਾ। ਇਸ ਭਰੋਸੇ ਨਾਲ ਕਿ ਵਿਸ਼ਵਾਸ, ਸੱਭਿਆਚਾਰਕ ਭਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਦੇ ਵੱਖ-ਵੱਖ ਪੱਧਰਾਂ ਉਤੇ ਮਤਭੇਦ ਮੌਜੂਦ ਹਨ, ਇਹ ਸੰਸਥਾ ਇਨ੍ਹਾਂ ਚੁਣੌਤੀਆਂ ਨੂੰ ਜੜ੍ਹੋਂ ਪੁੱਟਣ ਲਈ ਵੀ ਕੰਮ ਕਰੇਗੀ।
ਅਧਿਐਨ ਅਤੇ ਸਨਾਤਨੀ ਗ੍ਰੰਥ ਇੰਸਟੀਚਿਊਟ ਦੀ ਸਥਾਪਨਾ ਲਈ ਵਿਆਪਕ ਪੱਧਰ 'ਤੇ ਇਕਸੁਰਤਾ ਅਤੇ ਨਿਗਰਾਨੀ ਵਿਧੀ ਦੀ ਵੀ ਲੋੜ ਹੋਵੇਗੀ ਤਾਂ ਜੋ ਸੰਸਥਾ ਨੂੰ ਜਲਦੀ ਸਥਾਪਿਤ ਕੀਤਾ ਜਾ ਸਕੇ ਅਤੇ ਲੋੜੀਂਦੇ ਨਤੀਜੇ ਵੀ ਪ੍ਰਦਾਨ ਕੀਤੇ ਜਾ ਸਕਣ। ਇਸ ਅਨੁਸਾਰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਫਾਊਂਡੇਸ਼ਨ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾ ਨੂੰ ਅਮਲ ਵਿਚ ਲਿਆਉਣ ਦੀ ਨਿਗਰਾਨੀ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸੰਸਥਾ ਲਈ ਇੱਕ ਪ੍ਰਬੰਧਕੀ ਕਮੇਟੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਵੱਖਰੇ ਤੌਰ 'ਤੇ ਮਨੋਨੀਤ ਕੀਤੀ ਜਾਵੇਗੀ। ਸੰਸਥਾ ਦੇ ਨਾਮ, ਇਸ ਦੀਆਂ ਵਿਸਤ੍ਰਿਤ ਗਤੀਵਿਧੀਆਂ, ਸਟਾਫ ਦੀ ਭਰਤੀ ਅਤੇ ਸੰਸਥਾ ਦੇ ਪੂੰਜੀਗਤ ਖਰਚੇ, ਸੰਚਾਲਨ ਅਤੇ ਰੱਖ-ਰਖਾਵ ਨਾਲ ਸਬੰਧਤ ਹੋਰ ਸਾਰੇ, ਮੁੱਦਿਆ ਦਾ ਫੈਸਲਾ ਕਰਨ ਲਈ ਫਾਊਂਡੇਸ਼ਨ ਨੂੰ ਪੂਰੀ ਤਰ੍ਹਾਂ ਅਧਿਕਾਰਤ ਕੀਤਾ ਜਾਵੇਗਾ।
ਫਿਲਮ ਤੇ ਟੈਲੀਵਿਜ਼ਨ ਵਿਕਾਸ ਕੌਂਸਲ ਦੀ ਸਥਾਪਨਾ ਨੂੰ ਮਨਜ਼ੂਰੀ
ਸੂਬੇ ਵਿਚ ਕਲਾ, ਵਿਰਸੇ, ਸੱਭਿਆਚਾਰ ਨੂੰ ਬਾਹਰੀ ਦੁਨੀਆ ਵਿਚ ਪ੍ਰਫੁੱਲਤ ਕਰਨ ਦੇ ਨਾਲ-ਨਾਲ ਫਿਲਮ, ਟੈਲੀਵਿਜ਼ਨ ਓ.ਟੀ.ਟੀ ਪਲੇਟਫਾਰਮ ਰਾਹੀਂ ਲੋਕਾਂ ਨਾਲ ਜੁੜਨ ਦੇ ਉਦੇਸ਼ ਨਾਲ ਮੰਤਰੀ ਮੰਡਲ ਨੇ ਸੂਬੇ ਵਿਚ ਫਿਲਮ ਤੇ ਟੈਲੀਵਿਜ਼ਨ ਵਿਕਾਸ ਕੌਂਸਲ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਕੌਂਸਲ ਦੇ 11 ਮੈਂਬਰ ਹੋਣਗੇ ਅਤੇ ਇਸ ਦਾ ਚੇਅਰਪਰਸਨ ਹੋਵੇਗਾ ਜੋ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤਾ ਜਾਵੇਗਾ। ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਇਸ ਕੌਂਸਲ ਦਾ ਸਹਿ-ਚੇਅਰਪਰਸਨ ਬਣਾਇਆ ਜਾਵੇਗਾ। ਕੌਂਸਲ ਵਿਚ ਦੋ ਕਲਾਕਾਰ, ਇਕ ਨਿਰਦੇਸ਼ਕ, ਇਕ ਨਿਰਮਾਤਾ, ਇਕ ਸਿਨੇਮੈਟੋਗ੍ਰਾਫਰ, ਇਕ ਲਾਈਨ ਨਿਰਮਾਤਾ, ਇਕ ਫਿਲਮ ਸਿੱਖਿਆ ਸ਼ਾਸਤਰੀ ਅਤੇ ਇਕ ਡਿਜੀਟਲ ਪ੍ਰਮੋਟਰ/ਡਿਸਟ੍ਰੀਬਿਊਟਰ/ਸਿੰਡੀਕੇਸ਼ਨ ਅਤੇ ਮਾਰਕੀਟਿੰਗ ਪ੍ਰਮੋਟਰ ਸ਼ਾਮਲ ਹੋਣਗੇ ਜਦਕਿ ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੂੰ ਕੌਂਸਲ ਦਾ ਮੈਂਬਰ ਸਕੱਤਰ ਬਣਾਇਆ ਜਾਵੇਗਾ। ਇਨ੍ਹਾਂ ਮੈਂਬਰਾਂ ਵਿਚ ਇਕ ਤਿਹਾਈ ਮਹਿਲਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹੁਣ ਦੂਜੇ ਸੂਬਿਆਂ ਦੇ ਨਾਲ-ਨਾਲ ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂ.ਕੇ. ਅਤੇ ਨਿਊਜ਼ੀਲੈਂਡ ਵਿਚ ਵੀ ਰਿਲੀਜ਼ ਹੁੰਦੀਆਂ ਹਨ। ਪੰਜਾਬੀ ਫਿਲਮ ਇੰਡਸਟਰੀ ਹਰ ਸਾਲ ਲਗਭਰ 55 ਫਿਲਮਾਂ ਦਾ ਨਿਰਮਾਣ ਕਰਦੀ ਹੈ।
ਥੀਮ ਪਾਰਕ, ਸ੍ਰੀ ਚਮਕੌਰ ਸਾਹਿਬ ਲਈ ਹੋਰ 69 ਅਸਾਮੀਆਂ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਨੇ ਥੀਮ ਪਾਰਕ, ਸ੍ਰੀ ਚਮਕੌਰ ਸਾਹਿਬ ਲਈ ਠੇਕੇ ਦੇ ਆਧਾਰ 'ਤੇ 69 ਹੋਰ ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਅਧਿਕਾਰੀਆਂ ਦੀ ਕਮੇਟੀ ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ ਵਿਭਾਗ ਨੂੰ ਵਿਅਕਤੀਆਂ ਦੀਆਂ ਸੇਵਾਵਾਂ ਲੈਣ/ਭਰਤੀ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਇਸ ਸਬੰਧ ਵਿੱਚ ਭਵਿੱਖ ਵਿੱਚ ਕੋਈ ਵੀ ਤਬਦੀਲੀ ਕਰਨ ਦੀ ਪ੍ਰਵਾਨਗੀ ਦੇਣ ਲਈ ਵੀ ਅਧਿਕਾਰਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਨਾਂਅ ਦਾ ਵਿਸ਼ਵ ਪੱਧਰੀ ਥੀਮ ਪਾਰਕ ਬਣਾਇਆ ਗਿਆ ਹੈ, ਜਿਸ ਦਾ ਉਦਘਾਟਨ 11 ਨਵੰਬਰ, 2021 ਨੂੰ ਕੀਤਾ ਗਿਆ ਸੀ। ਇਸ ਵਿੱਚ 11 ਗੈਲਰੀਆਂ ਹਨ, ਜਿਨ੍ਹਾਂ ਵਿੱਚ ਸਿੱਖ ਧਰਮ ਦੇ ਵਿਲੱਖਣ ਇਤਿਹਾਸ ਅਤੇ ਚਮਕੌਰ ਸਾਹਿਬ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ ਹੈ। ਇਸ ਬੁਨਿਆਦੀ ਢਾਂਚੇ ਨੂੰ ਇਸਦੇ ਸੰਚਾਲਨ ਅਤੇ ਰੱਖ-ਰਖਾਅ ਲਈ ਮਨੁੱਖੀ ਸ਼ਕਤੀ ਦੀ ਲੋੜ ਹੁੰਦੀ ਹੈ।
ਬਿਜਲੀ ਵਿਭਾਗ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਵੀ ਪ੍ਰਵਾਨਗੀ
ਮੰਤਰੀ ਮੰਡਲ ਨੇ ਸਾਲ 2016-17, 2017-18 ਅਤੇ 2018-19 ਲਈ ਬਿਜਲੀ ਵਿਭਾਗ ਦੇ ਪੀ.ਐਸ.ਪੀ.ਸੀ.ਐਲ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਵੀ ਪ੍ਰਵਾਨਗੀ ਦਿੱਤੀ।