ਜ਼ਿਲਾ ਤੇ ਸੈਸ਼ਨ ਜੱਜ ਨੇ ਬਿਰਧ ਆਸ਼ਰਮ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
ਨਵਾਂਸ਼ਹਿਰ, 2 ਨਵੰਬਰ :
ਸ੍ਰੀ ਨਾਭ ਕੰਵਲ ਰਾਜਾ ਸਾਹਿਬ ਫਤੋਆਣਾ, ਪਿੰਡ ਭਰੋਮਜਾਰਾ ਵਿਖੇ ਬਿਰਧ ਆਸ਼ਰਮ ਦੀ ਨਵੀਂ ਇਮਾਰਤ ਬਣਨ ਜਾ ਰਹੀ ਹੈ, ਜਿਸ ਦਾ ਨੀਂਹ ਪੱਥਰ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਕੰਵਲਜੀਤ ਸਿੰਘ ਬਾਜਵਾ ਵੱਲੋਂ ਰੱਖਿਆ ਗਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਲਡਮ ਹਰਪ੍ਰੀਤ ਕੌਰ, ਪ੍ਰਧਾਨ ਦਰਵਜੀਤ ਸਿੰਘ, ਮੁੱਖ ਸੇਵਾਦਾਰ ਬਲਵੰਤ ਸਿੰਘ, ਸਰਪੰਚ ਅਤੇ ਖ਼ਜ਼ਾਨਚੀ ਰਾਮ ਸਿੰਘ, ਚਰਨ ਸਿੰਘ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਬਿਰਧ ਆਸ਼ਰਮ ਦਾ ਦੌਰਾ ਕਰਦਿਆਂ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨਾਂ ਦੀਆਂ ਆਧਾਰ ਕਾਰਡ, ਬੁਢਾਪਾ ਪੈਨਸ਼ਨ ਅਤੇ ਹੋਰਨਾਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਇਸ ਮੌਕੇ ਕਿਹਾ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲੇ ਵਿਚ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ 11 ਦਸੰਬਰ 2021 ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਘਰ ਬੈਠੇ ਹੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੈਲੀਫੋਨ ਨੰਬਰ 01823-223511 ਉੱਤੇ ਜਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ ਨਗਰ (ਮੁਹਾਲੀ) ਦੇ ਟੋਲ ਫਰੀ ਨੰਬਰ 1968 ਉੱਤੇ ਫੋਨ ਕਰਕੇ ਸਲਾਹ ਲੈ ਸਕਦਾ ਹੈ।