ਡਿਪਟੀ ਕਮਿਸ਼ਨਰ ਨੇ ਸਵੀਪ ਮੁਹਿੰਮ ਤਹਿਤ ਈ ਸੀ ਆਈ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ
ਪ੍ਰਤੀਯੋਗਿਤਾ ਜਿੱਤਣ ਵਾਲੇ ਚਾਰ ਬੀ ਐਲ ਓਜ਼ ਨੂੰ ਵੀ ਕੀਤਾ ਸਨਮਾਨਿਤ
ਨਵਾਂਸ਼ਹਿਰ, 26 ਨਵੰਬਰ:
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਰਾਸ਼ਟਰੀ ਚੋਣ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ।
ਅੱਜ ਆਪਣੇ ਦਫ਼ਤਰ ਵਿਖੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਣ ਉਪਰੰਤ, ਉਨ੍ਹਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਮੁਕਾਬਲੇ, ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਇੱਕ ਵੋਟਰ ਹੋਣ ਦੇ ਨਾਤੇ, ਚੋਣ ਅਮਲ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਜ਼ਰੂਰੀ ਸਾਧਨ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹਿੰਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਵੱਡੇ ਪੱਧਰ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸ਼੍ਰੀ ਸਾਰੰਗਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਕੁਇਜ਼ ਮੁਕਾਬਲੇ ਵਿੱਚ ਸਫ਼ਲਤਾ ਹਾਸਲ ਕਰਨ ਲਈ ਵਧਾਈ ਵੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 421 ਸਕੂਲੀ ਵਿਦਿਆਰਥੀਆਂ ਅਤੇ 309 ਕਾਲਜ ਜਾਣ ਵਾਲੇ ਨੌਜਵਾਨਾਂ ਨੇ ਭਾਗ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਸੰਵਿਧਾਨ ਦਿਵਸ ਦੇ ਇਤਿਹਾਸ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਜੀਵਨ ਵਿੱਚ ਹੋਰ ਉੱਤਮਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁਇਜ਼ ਜਿੱਤਣ ਲਈ ਅਪਣਾਈ ਤਿਆਰੀ ਦੇ ਢੰਗ ਬਾਰੇ ਵੀ ਪੁੱਛਿਆ।
ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਜਸਵੀਰ ਕੌਰ, ਜਸਪ੍ਰੀਤ ਸਿੰਘ, ਸਾਕਸ਼ੀ ਕਰਵਲ, ਮਨਪ੍ਰੀਤ ਰਾਏ, ਅਕਾਸ਼ਦੀਪ, ਪਰਮਜੀਤ ਕੌਰ, ਜਤਿਨ, ਜੋਤੀ, ਕਾਜਲ, ਰੋਹਿਤ, ਜਸਮੀਨ, ਸਮੀਰ, ਹਰਮਨ, ਕੋਮਲਪ੍ਰੀਤ, ਦੀਪਤੀ, ਨਿਖਿਲ, ਮੁਸਕਾਨ, ਨਿਧੀ ਆਦਿ ਸ਼ਾਮਲ ਸਨ। ਡਿਪਟੀ ਕਮਿਸ਼ਨਰ ਨੇ ਚਾਰ ਬੀ.ਐਲ.ਓਜ਼ ਭੁਪਿੰਦਰ ਸਿੰਘ, ਪਰੀਕਸ਼ਿਤ ਗਾਂਧੀ, ਗੁਰਦੀਪ ਸਿੰਘ, ਸੁਭਾਸ਼ ਚੰਦ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਸਤਨਾਮ ਸਿੰਘ, ਪਰਵਿੰਦਰ ਸਿੰਘ, ਦਲਜੀਤ ਸਿੰਘ, ਕੁਲਬੀਰ ਸਿੰਘ, ਅਜੀਤ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ।