ਆਪਣੀ ਪੋਸਟ ਇਥੇ ਲੱਭੋ

Friday, 19 November 2021

ਮੋਦੀ ਦਾ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਅਹਿਮ ਜਿੱਤ, ਪਰ ਅਜੇ ਚੌਕਸੀ ਦੀ ਲੋੜ: ਭਾਕਿਯੂ ਏਕਤਾ ਉਗਰਾਹਾਂ

 ਮੋਦੀ ਦਾ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਅਹਿਮ ਜਿੱਤ, ਪਰ ਅਜੇ ਚੌਕਸੀ ਦੀ ਲੋੜ: ਭਾਕਿਯੂ ਏਕਤਾ ਉਗਰਾਹਾਂ


ਮੋਦੀ ਹਕੂਮਤ ਵੱਲੋਂ ਕਾਨੂੰਨ ਵਾਪਸੀ ਦੇ ਐਲਾਨ ਨੇ ਗੁਰੂ ਜੀ ਦੇ ਜਨਮ ਦਿਹਾੜੇ ਦੇ ਜਸ਼ਨਾਂ ਦੀ ਰੰਗਤ ਨੂੰ ਹੋਰ ਗੂੜ੍ਹਾ ਕੀਤਾ ਅਤੇ ਲੋਕਾਂ ਅੰਦਰ ਨਵਾਂ ਜੋਸ਼ ਭਰਿਆ: ਕਿਸਾਨ ਆਗੂ


ਦਲਜੀਤ ਕੌਰ ਭਵਾਨੀਗੜ੍ਹ


ਦਿੱਲੀ/ਚੰਡੀਗੜ੍ਹ, 19 ਨਵੰਬਰ, 2021: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਉਂਦੇ ਪਾਰਲੀਮੈਂਟ ਸੈਸ਼ਨ ਵਿਚ ਕਾਨੂੰਨ ਵਾਪਸ ਲੈਣ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਇਹ ਐਲਾਨ ਸਿਦਕੀ ਕਿਸਾਨ ਸੰਘਰਸ਼ ਦੀ ਜਿੱਤ ਹੈ, ਪਰ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਏ ਜਾਣ ਮਗਰੋਂ ਹੀ ਸੰਘਰਸ਼ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ, ਕਿਉਂਕਿ ਖੇਤੀ ਕਾਨੂੰਨਾਂ ਦੇ ਨਾਲ ਨਾਲ ਐੱਮ ਐੱਸ ਪੀ ਅਤੇ ਜਨਤਕ ਵੰਡ ਪ੍ਰਣਾਲੀ ਦੇ ਹੱਕ ਦੇ ਮੁੱਦੇ ਵੀ ਅਜੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕਾਨੂੰਨ ਦਾ ਮਸਲਾ ਵੀ ਖੜ੍ਹਾ ਹੈ।ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਤਾਂ ਜ਼ਾਹਰ ਹੈ ਕਿ ਭਾਵੇਂ ਮੋਦੀ ਸਰਕਾਰ ਨੂੰ ਇਤਿਹਾਸਕ ਤੇ ਮਿਸਾਲੀ ਕਿਸਾਨ ਸੰਘਰਸ਼ ਅੱਗੇ ਝੁਕਣਾ ਪਿਆ ਹੈ ਪਰ ਨਾਲ ਹੀ ਉਸ ਨੇ ਖੇਤੀ ਖੇਤਰ ਅੰਦਰ ਕਾਰਪੋਰੇਟਾਂ ਦੀ ਘੁਸਪੈਠ ਵਾਲੀ ਆਪਣੀ ਨੀਤੀ ਅਜੇ ਨਹੀਂ ਬਦਲੀ। ਇਸ ਲਈ ਅਜੇ ਇਹ ਦੇਖਣਾ ਬਾਕੀ ਹੈ ਕਿ ਕਾਨੂੰਨ ਵਾਪਸ ਲੈਣ ਵੇਲੇ ਵੀ ਸਰਕਾਰ ਕਿਤੇ ਕਾਰਪੋਰੇਟਾਂ ਦੇ ਹਿਤਾਂ ਨੂੰ ਕਿਸੇ ਚੋਰ ਮੋਰੀ ਰਾਹੀਂ ਦਾਖ਼ਲ ਕਰਨ ਦਾ ਯਤਨ ਤਾਂ ਨਹੀਂ ਕਰੇਗੀ। 


ਉਨ੍ਹਾਂ ਕਿਹਾ ਕਿ ਐੱਮ ਐੱਸ ਪੀ ਬਾਰੇ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਹੈ ਜਦਕਿ ਕਿਸਾਨਾਂ ਦੀ ਮੰਗ ਐੱਮ ਐੱਸ ਪੀ ਉੱਪਰ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਣ ਦੀ ਮੰਗ ਹੈ। ਕਮੇਟੀ ਦੇ ਵਿਸਥਾਰ ਬਾਰੇ ਅਤੇ ਕਿਸੇ ਕਾਨੂੰਨੀ ਬੰਧੇਜ ਅਧੀਨ ਆਉਣ ਦੇ ਮਸਲੇ ਵੀ ਅਜੇ ਬਰਕਰਾਰ ਹਨ। ਇਉਂ ਹੀ ਜਨਤਕ ਵੰਡ ਪ੍ਰਣਾਲੀ ਵੀ ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਨਾਲ ਜੁੜਿਆ ਵਰਤਾਰਾ ਹੀ ਹੈ। ਪ੍ਰਧਾਨ ਮੰਤਰੀ ਆਪਣੇ ਐਲਾਨ ਵਿਚ ਇਹਦੇ ਬਾਰੇ ਚੁੱਪ ਰਹੇ ਹਨ, ਜਦਕਿ ਇਹ ਦੇਸ਼ ਦੇ ਸਭਨਾਂ ਕਿਰਤੀ ਖਪਤਕਾਰਾਂ ਦਾ ਵੱਡਾ ਮੁੱਦਾ ਹੈ। ਇਸ ਵੇਲੇ ਭਖਦੀਆਂ ਮੰਗਾਂ ਦਾ ਇਹ ਸਾਂਝਾ ਸੈੱਟ ਹੈ ਜਿਸ ਰਾਹੀਂ ਕਿਸਾਨਾਂ ਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਹੋ ਸਕਦੀ ਹੈ।


ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਤੋਂ ਇਲਾਵਾ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਦੀਆਂ ਸਜ਼ਾਵਾਂ, ਹਰਿਆਣੇ 'ਚ ਥਾਂ ਪੁਰ ਥਾਂ ਕਿਸਾਨਾਂ 'ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਤੇ ਸਿਆਸੀ ਆਗੂਆਂ ਖ਼ਿਲਾਫ਼ ਕਾਰਵਾਈ ਤੇ ਕਿਸਾਨਾਂ ਉੱਪਰ ਪਾਏ ਹੋਏ ਕਿੰਨੇ ਹੀ ਤਰ੍ਹਾਂ ਦੇ ਝੂਠੇ ਕੇਸਾਂ ਦੀ ਵਾਪਸੀ ਵਰਗੇ ਅਜਿਹੇ ਕਿੰਨੇ ਹੀ ਮਸਲੇ ਇਸ ਸੰਘਰਸ਼ ਨਾਲ ਜੁੜੇ ਹੋਏ ਹਨ। ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਦੇ ਐਲਾਨ ਵਿੱਚ ਕੋਈ ਜ਼ਿਕਰ ਨਹੀਂ ਹੈ। 


ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਸਭਨਾ ਮੁੱਦਿਆਂ ਨੂੰ ਵੀ ਫੌਰੀ ਤੌਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਦੇ ਸਮੁੱਚੇ ਨਿਪਟਾਰੇ ਨਾਲ ਜੁਡ਼ ਕੇ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਬਾਰੇ ਵਿਉਂਤਿਆ ਜਾਵੇਗਾ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਭਨਾਂ ਜੱਥੇਬੰਦੀਆਂ ਨਾਲ ਵਿਚਾਰ ਚਰਚਾ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਨੂੰ ਝੁਕਾ ਲੈਣ ਦੇ ਜਸ਼ਨਾਂ ਦੇ ਨਾਲ ਨਾਲ ਚੌਕਸੀ ਵੀ ਬਰਕਰਾਰ ਰੱਖਣ। ਸਰਕਾਰੀ ਐਲਾਨ ਦੇ ਅਮਲੀ ਰੂਪ 'ਚ ਲਾਗੂ ਹੋਣ ਤੇ ਹੋਰਨਾਂ ਮੁੱਦਿਆਂ ਦੇ ਹੱਲ ਤੱਕ ਸੰਘਰਸ਼ ਨਾਲ ਇਉਂ ਹੀ ਡੂੰਘੇ ਸਰੋਕਾਰ ਜੋੜੀ ਰੱਖਣ। 


ਉਨ੍ਹਾਂ ਨੇ ਦੱਸਿਆ ਕਿ ਅੱਜ ਸੂਬਾਈ ਹੈੱਡਕੁਆਰਟਰ ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਟਿਕਰੀ ਬਾਰਡਰ 'ਤੇ ਚੱਲਦੇ ਦਿੱਲੀ ਧਰਨੇ ਵਿੱਚ ਅਤੇ ਪੰਜਾਬ ਅੰਦਰ ਚੱਲ ਰਹੇ ਦਰਜਨਾਂ ਮੋਰਚਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੇ ਝੁਕ ਜਾਣ ਦੀਆਂ ਖ਼ਬਰਾਂ ਨੇ ਗੁਰੂ ਜੀ ਦੇ ਜਨਮ ਦਿਹਾੜੇ ਦੇ ਜਸ਼ਨਾਂ ਦੀ ਰੰਗਤ ਨੂੰ ਹੋਰ ਗੂੜ੍ਹਾ ਕਰ ਦਿੱਤਾ। ਲੋਕਾਂ ਅੰਦਰ ਨਵਾਂ ਉਤਸ਼ਾਹ ਤੇ ਜੋਸ਼ ਠਾਠਾਂ ਮਾਰਦਾ ਦੇਖਿਆ ਗਿਆ। ਮੋਰਚਿਆਂ ਵਿੱਚ ਬਾਬੇ ਨਾਨਕ ਵੱਲੋਂ ਸਮਾਜਿਕ ਕੁਰੀਤੀਆਂ ਅਤੇ ਹਕੂਮਤੀ ਜ਼ੁਲਮਾਂ ਖ਼ਿਲਾਫ਼ ਉਠਾਈ ਆਵਾਜ਼ ਨੂੰ ਉਚਿਆਇਆ ਗਿਆ। ਅੱਜ ਦੇ ਬਾਬਰਾਂ ਤੇ ਮਲਕ ਭਾਗੋਆਂ ਦੀ ਪਛਾਣ ਗੂੜ੍ਹੀ ਕਰਨ ਦਾ ਸੱਦਾ ਦਿੱਤਾ ਗਿਆ। ਕਿਰਤ ਕਰਨ ਤੇ ਆਪਣੀ ਕਿਰਤ ਦੀ ਰਾਖੀ ਕਰਨ ਦਾ ਹੋਕਾ ਉਂਚਾ ਕੀਤਾ ਗਿਆ।

RECENT UPDATES

Today's Highlight