ਸਾਂਝੇ ਫਰੰਟ ਦੀ ਬਠਿੰਡਾ ਰੈਲੀ 'ਚ ਵੱਡੀ ਗਿਣਤੀ ਨਾਲ ਸ਼ਮੂਲੀਅਤ ਕਰੇਗੀ ਡੀਟੀਐੱਫ
13 ਨਵੰਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਬਠਿੰਡੇ 'ਚ ਘੇਰਨਗੇ ਹਜ਼ਾਰਾਂ ਮੁਲਾਜ਼ਮ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਮੁਲਾਜ਼ਮ-ਪੈਨਸ਼ਨਰ ਮੰਗਾਂ ਵਿੱਚ ਵੱਡਾ ਅੜਿੱਕਾ ਅਤੇ ਕਾਰਪੋਰੇਟਾਂ ਦੇ ਚਹੇਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੋਕ ਤਾਕਤ ਦਾ ਅਹਿਸਾਸ ਕਰਵਾਉਣ ਲਈ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਬਠਿੰਡਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਂਝਾ ਫਰੰਟ ਵੱਲੋਂ 24 ਦਿਨਾਂ ਤੋਂ ਮੋਰਿੰਡਾ ਵਿਖੇ ਲਾਇਆ ਪੱਕਾ ਧਰਨਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਜਾਇਜ਼ ਮੰਗਾਂ ਲਈ ਲਾਇਆ ਗਿਆ ਹੈ ਅਤੇ ਇੰਨ੍ਹਾਂ ਮੰਗਾਂ ਦੇ ਪੂਰਾ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਤਿਹਾਸਕ ਫੈਸਲੇ ਪੜ੍ਹੋ ਇਥੇ
6TH PAY COMMISSION: 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ, ਅੱਜ ਹੋਈਆਂ 3 ਨੋਟੀਫਿਕੇਸ਼ਨ ਜਾਰੀ, ਪੜ੍ਹੋ ਇਥੇ
ਡੀ.ਟੀ.ਐੱਫ. ਆਗੂਆਂ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਕੁਮਾਰ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਅਤੇ ਦਲਜੀਤ ਸਫੀਪੁਰ ਨੇ ਕਿਹਾ ਕਿ ਸੰਘਰਸ਼ ਨੂੰ ਤੇਜ਼ ਕਰਦਿਆਂ ਪਿਛਲੇ ਤਨਖਾਹ ਕਮਿਸ਼ਨ ਦੌਰਾਨ ਮਿਲੇ ਸਾਰੇ ਵਾਧੇ ਬਰਕਰਾਰ ਰੱਖਦਿਆਂ 6ਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ ਹਰੇਕ ਮੁਲਾਜ਼ਮ ਦੀ ਪੇਅ ਫਿਕਸ਼ੇਸ਼ਨ 2.72 ਗੁਣਾਂਕ ਅਨੁਸਾਰ ਲਾਗੂ ਕਰਵਾਉਣ ਭਾਵ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਪੈਟਰਨ ਤਹਿਤ ਮਿਤੀ 1.1.16 ਨੂੰ 125% ਡੀ.ਏ. ਅਨੁਸਾਰ ਘੱਟੋ ਘੱਟ 20% ਤਨਖਾਹ ਵਾਧੇ ਦੀ ਗਾਰੰਟੀ ਕਰਵਾਉਣ, ਪਰਖ ਸਮਾਂ ਐਕਟ-2015 ਰੱਦ ਕਰਵਾਉਣ ਅਤੇ 31.12.2015 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਸਬੰਧਿਤ ਕਾਡਰ ਦੀ ਸ਼ੁਰੂਆਤੀ ਤਨਖਾਹ (ਮੁੱਢਲੀ ਤਨਖ਼ਾਹ + ਗ੍ਰੇਡ ਪੇ) `ਤੇ ਉਚਤਮ ਗੁਣਾਂਕ ਅਨੁਸਾਰ ਪਰਖ ਸਮੇਂ ਦੇ ਸਾਰੇ ਏਰੀਅਰ ਜਾਰੀ ਕਰਵਾਉਣ, 1.1.04 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਸਾਰੇ ਕੱਚੇ ਅਧਿਆਪਕ ਅਤੇ ਨਾਨ ਟੀਚਿੰਗ ਬਿਨ੍ਹਾਂ ਸ਼ਰਤ ਵਿਭਾਗ ਵਿੱਚ ਪੱਕੇ ਕਰਵਾਉਣ, 17.7.20 ਤੋਂ ਬਾਅਦ ਭਰਤੀ/ਹਾਜਰ ਮੁਲਾਜ਼ਮਾਂ ਅਤੇ ਪਿਕਟਸ ਤਹਿਤ ਰੈਗੂਲਰ ਤੇ ਕਨਫਰਮ ਕੰਪਿਊਟਰ ਅਧਿਆਪਕਾਂ (ਸਿੱਖਿਆ ਵਿਭਾਗ ਵਿੱਚ ਮਰਜ਼ਿਗ ਸਹਿਤ) ਅਤੇ 180 ਈ.ਟੀ.ਟੀ. ਟੈੱਟ ਪਾਸ ਲਈ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਸਾਰੇ ਲਾਭ ਲਾਗੂ ਕਰਵਾਉਣਾ, 11% ਦੀ ਐਲਾਨੀ ਅਤੇ ਰਹਿੰਦੇ 3% ਮਹਿੰਗਾਈ ਭੱਤੇ ਦੀਆਂ ਕਿਸ਼ਤਾਂ 1.7.2021 ਤੋਂ ਜਾਰੀ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਠਿੰਡਾ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਮੁਲਾਜ਼ਮ/ ਪੈਨਸ਼ਨਰ ਮੰਗਾਂ ਲਟਕਾਉਣ ਦਾ ਦੋਸ਼ ਲਾਇਆ ਅਤੇ ਸਰਕਾਰ ਪਾਸੋਂ ਇੰਨ੍ਹਾਂ ਦੇ ਉਚਿੱਤ ਹੱਲ ਦੀ ਮੰਗ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਯੁਕਤ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਜੱਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਵੀ ਹਾਜ਼ਰ ਰਹੇ।