ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਲਈ 32 ਦਿਨ ਟੈਂਕੀ ‘ਤੇ ਮੋਰਚਾ ਲਾਉਣ ਵਾਲੇ ਦਲਜੀਤ ਭਾਊ ਦੀ ਮੌਤ
ਯੂਨੀਅਨ ਵੱਲੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 20 ਲੱਖ ਦੇਣ ਦੀ ਮੰਗ।
ਬੇਰੁਜ਼ਗਾਰ ਪੀਟੀਆਈ ਯੂਨੀਅਨ 646 ਵੱਲੋਂ ਲੜੇ ਜਾ ਰਗ ਸੰਘਰਸ਼ ਦੌਰਾਨ ਪਿਛਲੇ 32 ਦਿਨਾਂ ਤੋਂ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ ਤੇ ਲਗਾਤਾਰ ਧਰਨੇ ਤੇ ਬੈਠਣ ਵਾਲੇ ਦਲਜੀਤ ਸਿੰਘ ਉਰਫ ਕਾਕਾ ਭਾਊ ਦੀ ਅੱਜ ਮੌਤ ਹੋ ਗਈ। ਉਹ ਧਰਨੇ ਦੌਰਾਨ ਬੀਮਾਰ ਹੋ ਜਾਣ ਕਾਰਨ ਚਾਰ ਦਿਨ ਪਹਿਲਾਂ ਆਪਣੇ ਪਿੰਡ ਪਹੁੰਚੇ ਸਨ ਤੇ ਜਾਂਚ ਕਰਾਉਣ ਤੇ ਡੇਂਗੂ ਤੋਂ ਪੀੜਿਤ ਨਿਕਲੇ ਸਨ। ਇਸ ਦੌਰਾਨ ਉਸਦੀ ਮੌਤ ਹੋ ਗਈ।
ਬੇਰੁਜ਼ਗਾਰ ਪੀਟੀਆਈ ਯੂਨੀਅਨ 646 ਦਾ ਜੁਝਾਰੂ ਸਾਥੀ ਦਲਜੀਤ ਸਿੰਘ (ਕਾਕਾ ਭਾਊ) ਰੁਜ਼ਗਾਰ ਪ੍ਰਾਪਤੀ ਲਈ ਪੰਜਾਬ ਸਰਕਾਰ ਖਿਲਾਫ਼ ਚੱਲਦੇ ਸੰਘਰਸ਼ ਦੌਰਾਨ ਮੋਹਾਲੀ ਵਿਖੇ ਪਾਣੀ ਵਾਲੀ ਟੈਂਕੀ 'ਤੇ ਲਗਾਤਾਰ ਧਰਨਾ ਲਾਈ ਬੈਠਾ ਸੀ, ਸਿਹਤ ਤੇ ਹਾਲਤਾਂ ਨਾ-ਸਾਜ਼ ਹੋਣ ਕਾਰਨ ਡੇਂਗੂ ਦੀ ਭੇਂਟ ਚੜ੍ਹ ਗਿਆ। ਡੇਂਗੂ ਨੇ ਅੱਜ ਅਧਿਆਪਕ ਵਰਗ ਤੋਂ ਇਹ ਜੁਝਾਰੂ ਯੋਧਾ ਸਦਾ ਲਈ ਖੋਹ ਲਿਆ। ਮੁਹਾਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਅੱਜ 32 ਦਿਨ ਹੋ ਗਏ ਹਨ ਇਸ ਸਾਥੀ ਦੀ ਇਸ ਧਰਨੇ ਵਿੱਚ ਘੱਟੋ-ਘੱਟ 28 ਦਿਨ ਹਾਜ਼ਰੀ ਰਹੀ ਹੈ। ਅੱਜ ਤੋਂ ਚਾਰ ਦਿਨ ਪਹਿਲਾਂ ਉਸ ਦੀ ਹਾਲਤ ਧਰਨੇ ਵਿੱਚ ਵਿਗਾੜ ਗਈ ਸੀ। ਪਿੰਡ ਕੌੜੀਵਾੜਾ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਦਾ ਵਸਨੀਕ ਸਾਥੀ ਦਲਜੀਤ ਸਿੰਘ ਆਪਣੇ ਪਿੱਛੇ ਪਰਿਵਾਰ ਵਿਚ ਆਪਣੀ ਧਰਮ ਪਤਨੀ (ਉਮਰ 32) ਅਤੇ ਇਕ ਬੇਟਾ (ਉਮਰ 6 ਸਾਲ) ਪਿੱਛੇ ਛੱਡ ਗਿਆ।