ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ 22 ਤੋਂ 30 ਨਵੰਬਰ ਤੱਕ
10 ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਲੱਖਾਂ ਹੋਣਹਾਰ ਵਿਦਿਆਰਥੀ ਅਤੇ ਅਧਿਆਪਕ ਭਾਗ ਲੈਣਗੇ
22 ਨੂੰ ਸਕੂਲ ਪੱਧਰੀ, 24 ਨੂੰ ਕਲੱਸਟਰ ਪੱਧਰੀ, 26 ਨੂੰ ਬਲਾਕ ਪੱਧਰੀ ਅਤੇ 30 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਆਯੋਜਿਤ ਹੋਣਗੇ
30 ਨਵੰਬਰ ਨੂੰ ਸਕੂਲਾਂ ਵਿੱਚ ਜਾਰੀ ਹੋਣਗੇ ਹੱਥ ਲਿਖਤ ਮੈਗਜ਼ੀਨ
ਐੱਸ.ਏ.ਐੱਸ. ਨਗਰ 12 ਨਵੰਬਰ (ਚਾਨੀ )
ਭਾਸ਼ਾ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਦੀ ਅਗਵਾਈ ਵਿੱਚ 22 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਂ-ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਪੜ੍ਹਣ-ਲਿਖਣ ਦੀਆਂ ਰੁਚੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਸਮੇਂ-ਸਮੇਂ 'ਤੇ ਨਿਵੇਕਲੀਆਂ ਗਤੀਵਿਧੀਆਂ ਅਤੇ ਮੁਕਾਬਲੇ ਆਯੋਜਿਤ ਕਰਦਾ ਹੈ। ਨਵੰਬਰ ਮਹੀਨਾ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ 22 ਤੋਂ 30 ਨਵੰਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ), ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ। ਸ੍ਰੀ ਅਗਰਵਾਲ ਨੇ ਕਿਹਾ ਕਿ ਇਸਦੇ ਨਾਲ ਹੀ ਅਧਿਆਪਕਾਂ ਦੇ ਵੀ ਸੁਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ। ਅਧਿਆਪਕ ਸਕੂਲ ਪੱਧਰ ਤੋਂ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਜ਼ਿਲ੍ਹਾ ਪੱਧਰ ਤੱਕ ਆਪਣੀ ਸੁੰਦਰ ਲਿਖਾਈ ਦੀ ਛਾਪ ਛੱਡ ਸਕਣਗੇ ਅਤੇ ਇਸ ਨਾਲ ਦੂਜੇ ਅਧਿਆਪਕਾਂ ਅਤੇ ਉਹਨਾਂ ਦੇ ਆਪਣੇ ਵਿਦਿਆਰਥੀਆਂ ਨੂੰ ਹੋਰ ਸੋਹਣਾ ਲਿਖਣ ਦੀ ਚੇਟਕ ਲੱਗੇਗੀ। ਉਹਨਾਂ ਕਿਹਾ ਕਿ ਬਾਕੀ ਰਹਿੰਦੇ ਦਿਨਾਂ ਵਿੱਚ ਅਧਿਆਪਕ ਵਿਦਿਆਰੀਥਆਂ ਦੀ ਤਿਆਰੀ ਜ਼ਰੂਰ ਕਰਵਾਉਣ ਤਾਂ ਜੋ ਵਿਦਿਆਰਥੀ ਬਹੁਤ ਹੀ ਜਿਆਦਾ ਉਤਸੁਕਤਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੇ ਆਯੋਜਨ ਸਮੇਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਲਾਕੇ ਦੇ ਪਤਵੰਤੇ ਸੱਜਣਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਮਾਪਿਆਂ ਨੂੰ ਵੀ ਸੱਦਾ ਦਿੱਤਾ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ 30 ਨਵੰਬਰ ਨੂੰ ਪ੍ਰਾਇਮਰੀ ਸਕੂਲਾਂ ਦੁਆਰਾ ਆਪਣੇ ਪੱਧਰ 'ਤੇ ਤਿਆਰ ਕੀਤੇ ਗਏ ਹੱਥ ਲਿਖਤ ਮੈਗਜ਼ੀਨ ਵੀ ਜਾਰੀ ਕੀਤੇ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਟੀਮਾਂ ਮਿਲ ਕੇ ਯੋਜਨਾਬੰਦੀ ਕਰਨਗੀਆਂ। ਇਹਨਾਂ ਮੁਕਾਬਲਿਆਂ ਦੇ ਰਿਕਾਰਡ ਨੂੰ ਸੰਭਾਲਿਆ ਜਾਵੇ ਅਤੇ ਜੇਤੂ ਵਿਦਿਆਰਥੀਆਂ ਦਾ ਮਾਨ-ਸਨਮਾਨ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੀਆਂ ਸ਼ਰਤਾਂ ਅਤੇ ਨਿਯਮਾਂ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਬਹੁਤ ਜਿਆਦਾ ਉਤਸੁਕਤਾ ਪਾਈ ਜਾ ਰਹੀ ਹੈ। ਇਸ ਨਾਲ ਬੱਚਿਆਂ ਦਾ ਹੁਨਰ ਨਿਖਰ ਕੇ ਬਾਹਰ ਆਉਂਦਾ ਹੈ ਅਤੇ ਪ੍ਰਤਿਭਸ਼ਾਲੀ ਬੱਚਿਆਂ ਦੀ ਪਛਾਣ ਹੁੰਦੀ ਹੈ। ਇਹ ਮੁਕਾਬਲੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਵਿੱਚ ਵੀ ਵਡਮੁੱਲਾ ਯੋਗਦਾਨ ਪਾਉਂਦੇ ਹਨ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੀਆਂ ਬੈਸਟ ਪ੍ਰੈਕਟਿਸਜ਼ ਨੂੰ ਸਕੂਲ ਦੇ ਫੇਸਬੁੱਕ ਪੇਜ਼, ਮਾਪਿਆਂ ਦੇ ਵਟਸਐਪ ਗਰੁੱਪਾਂ ਅਤੇ ਹੋਰ ਸੋਸ਼ਲ਼ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਜਨਤਾ ਨਾਲ ਜਰੂਰ ਸਾਂਝਾ ਕੀਤਾ ਜਾਵੇ।
22 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ), ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਕਰਵਾਏ ਜਾਣਗੇ ਅਤੇ ਇਸੇ ਦਿਨ ਸਕੂਲਾਂ ਦੇ ਸਮੂਹ ਅਧਿਆਪਕ ਵੀ ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ) ਵਿੱਚ ਭਾਗ ਲੈਣਗੇ।
24 ਨਵੰਬਰ ਨੂੰ ਕਲੱਸਟਰ ਪੱਧਰ 'ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਕਲੱਸਟਰ ਦੇ ਹਰੇਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਪੜ੍ਹਦੇ ਵਿਦਿਆਰਥੀਆਂ ਵਿੱਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੇ ਸੁੰਦਰ ਲਿਖਾਈ ਮੁਕਾਬਲੇ (ਕਲਮ ਨਾਲ) ਲਈ 1 ਵਿਦਿਆਰਥੀ, ਸੁੰਦਰ ਲਿਖਾਈ ਮੁਕਾਬਲੇ (ਜੈੱਲ ਪੈੱਨ ਨਾਲ) ਲਈ 1 ਵਿਦਿਆਰਥੀ, ਭਾਸ਼ਣ ਮੁਕਾਬਲੇ ਲਈ 1 ਵਿਦਿਆਰਥੀ, ਕਵਿਤਾ ਗਾਇਨ ਮੁਕਾਬਲੇ ਲਈ 1 ਵਿਦਿਆਰਥੀ, ਪੜ੍ਹਣ ਮੁਕਾਬਲੇ ਲਈ 1 ਵਿਦਿਆਰਥੀ, ਬੋਲ ਲਿਖਤ ਮੁਕਾਬਲੇ ਲਈ 1 ਵਿਦਿਆਰਥੀ, ਕਹਾਣੀ ਸੁਣਾਉਣ ਮੁਕਾਬਲੇ ਲਈ 1 ਵਿਦਿਆਰਥੀ, ਚਿੱਤਰਕਲਾ ਮੁਕਾਬਲੇ ਲਈ 1 ਵਿਦਿਆਰਥੀ, ਆਮ ਗਿਆਨ ਮੁਕਾਬਲੇ ਲਈ 1 ਵਿਦਿਆਰਥੀ ਭਾਗ ਲੈਣਗੇ।