ਸਿੱਖਿਆ ਮੰਤਰੀ ਅਧਿਆਪਕਾਂ ਦੇ ਹੱਕੀ ਮਸਲਿਆਂ ਲਈ ਹੋਏ ਫਿਕਰਮੰਦ
ਅਧਿਆਪਕ ਜਥੇਬੰਦੀਆਂ ਨਾਲ ਸਾਰਾ ਦਿਨ ਕੀਤੀਆਂ ਮੀਟਿੰਗਾਂ, ਅਧਿਕਾਰੀਆਂ ਨੂੰ ਗੰਭੀਰਤਾ ਨਾਲ ਮਸਲੇ ਨਿਬੇੜਨ ਲਈ ਦਿੱਤੇ ਨਿਰਦੇਸ਼
ਚੰਡੀਗੜ੍ਹ 12 ਅਕਤੂਬਰ (ਹਰਦੀਪ ਸਿੰਘ ਸਿੱਧੂ )ਸਿੱਖਿਆ ਮੰਤਰੀ ਪ੍ਰਗਟ ਸਿੰਘ ਅਧਿਆਪਕਾਂ ਨਾਲ ਜੁੜੇ ਮਸਲਿਆਂ ਨੂੰ ਹੁਣ ਹੱਲ ਕਰਨ ਦੇ ਰਾਹ ਤੁਰੇ ਹਨ,ਉਹ ਅੱਜ ਪੰਜਾਬ ਭਵਨ ਵਿਖੇ ਸਾਰਾ ਦਿਨ ਸੂਬੇ ਦੀਆਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਨਾਲ ਉਚ ਅਧਿਕਾਰੀਆਂ ਦੀ ਹਾਜ਼ਰੀ ਚ ਪੈਨਲ ਮੀਟਿੰਗਾਂ ਚ ਰੁਝੇ ਰਹੇ।ਉਨ੍ਹਾਂ ਅਧਿਆਪਕਾਂ ਦੇ ਵੱਖ ਵੱਖ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਹਰ ਹੱਕੀ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹੈ।
ਕਾਂਗਰਸ ਹਕੂਮਤ ਵਿਰੁੱਧ ਪਿਛਲੇ ਸਮੇਂ ਤੋਂ ਵੱਖ ਵੱਖ ਅਧਿਆਪਕ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਕੇਡਰ ਨਾਲ ਸੰਬੰਧਿਤ ਜਥੇਬੰਦੀਆਂ ਸੰਘਰਸ਼ ਦੇ ਰਾਹ ਪਈਆਂ ਹੋਈਆਂ ਸਨ,ਪਰ ਜਦੋਂ ਤੋਂ ਦੇਸ਼ ਦੇ ਸਾਬਕਾ ਉਲੰਪਿਕ ਖਿਡਾਰੀ ਪ੍ਰਗਟ ਸਿੰਘ ਨੇ ਸਿੱਖਿਆ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ ਹੈ,ਉਸ ਸਮੇਂ ਤੋਂ ਪੰਜਾਬ ਭਰ ਦੇ ਸਿੱਖਿਆ ਖੇਤਰ ਨਾਲ ਜੁੜੇ ਹਰ ਮੁਲਾਜ਼ਮ ਨੂੰ ਇਕ ਵੱਡੀ ਆਸ ਜਾਗੀ ਹੈ।
ਅੱਜ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਸਿੱਖਿਆ ਵਿਭਾਗ ਦੇ ਵੱਖ-ਵੱਖ ਕਾਡਰ ਦੇ ਮੁਲਾਜ਼ਮਾਂ, ਚੱਲ ਰਹੀਆਂ ਭਰਤੀ ਨਾਲ ਸਬੰਧਤ ਉਮੀਦਵਾਰਾਂ ਅਤੇ ਬੇਰੁਜ਼ਗਾਰਾਂ ਨਾਲ ਸਬੰਧਤ 30 ਦੇ ਕਰੀਬਾਂ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ ਸੀ
ਮੀਟਿੰਗ ਵਿੱਚ ਸਿੱਖਿਆ ਸਕੱਤਰ ਅਜੋਏ ਸ਼ਰਮਾ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਤੇ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ ਵੀ ਹਾਜ਼ਰ ਹਨ। ਜਿਨ੍ਹਾਂ ਨੂੰ ਸਿੱਖਿਆ ਮੰਤਰੀ ਵੱਲੋਂ ਵੱਖ-ਵੱਖ ਮੰਗਾਂ ਦੇ ਹੱਲ ਮੌਕੇ ਉਤੇ ਹੀ ਨਿਰਦੇਸ਼ ਦਿੱਤੇ ਜਾ ਰਹੇ ਸਨ।