ਕਿਰਤੀ ਕਿਸਾਨ ਯੂਨੀਅਨ ਵਲੋਂ ਲਖੀਮਪੁਰ ਖੇਰੀ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ
-ਦੁਸਹਿਰੇ ਤੇ ਨਵਾਂਸ਼ਹਿਰ ਵਿਖੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕਣ ਦਾ ਐਲਾਨ
ਨਵਾਂਸ਼ਹਿਰ 12 ਅਕਤੂਬਰ : ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਦੇ ਸਥਾਨਕ ਸੁਪਰ ਸਟੋਰ ਅੱਗੇ ਲਖੀਮਪੁਰ ਖੇਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਦੋ ਮਿੰਟ ਦਾ ਮੌਨ ਧਾਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ,ਸੋਹਨ ਸਿੰਘ ਅਟਵਾਲ, ਜਸਬੀਰ ਦੀਪ, ਕੁਲਵੰਤ ਸਿੰਘ ਕੰਗ,ਮਾਸਟਰ ਦੀਦਾਰ ਸਿੰਘ,ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਸ਼ਹੀਦਾਂ ਦਾ ਡੁੱਲ੍ਹਿਆ ਲਹੂ ਅਜਿਹਾ ਲੋਕ-ਤੂਫ਼ਾਨ ਲਿਆਵੇਗਾ ਜਿਸ ਨਾਲ ਜਾਬਰ ਫਾਸ਼ੀਵਾਦੀ ਮੋਦੀ ਸਰਕਾਰ ਸੁੱਕੇ ਪੱਤਿਆਂ ਵਾਂਗੂੰ ਉਡ ਜਾਵੇਗੀ।ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੁਰ ਅਮਨ ਘੋਲ ਲੜ ਰਹੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸਤੋਂ ਇਹਨਾਂ ਦੀ ਹੱਤਿਆਰੀ ਮਾਨਸਿਕਤਾ ਪ੍ਰਗਟ ਹੋ ਰਹੀ ਹੈ।ਇੱਥੋਂ ਤੱਕ ਕਿ ਆਪਣੀ ਡਿਊਟੀ ਨਿਭਾ ਰਹੇ ਪੱਤਰਕਾਰ ਨੂੰ ਵੀ ਜਾਣਬੁੱਝ ਕੇ ਦਰੜ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ ਇਹਨਾਂ ਕਤਲਾਂ ਦੇ ਕਥਿਤ ਦੋਸ਼ੀ ਆਸ਼ੀਸ਼ ਮਿਸ਼ਰਾ ਦਾ ਬਾਪ ਅਜੈ ਮਿਸ਼ਰਾ ਜਦੋਂ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੈ ਉਦੋਂ ਤੱਕ ਸਰਕਾਰ ਕੋਲੋਂ ਇਨਸਾਫ਼ ਦੀ ਉਮੀਦ ਨਹੀਂ ਕੀਤੀ ਸਕਦੀ।ਉਹਨਾਂ ਅਜੈ ਮਿਸ਼ਰਾ ਉੱਤੇ ਇਨਸਾਫ਼ ਦੇ ਰਾਹ ਵਿਚ ਅੜਿੱਕੇ ਡਾਹੁਣ ਦੇ ਦੋਸ਼ ਲਾਉਂਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਨਾਲ ਜੋਗੀ ਸਰਕਾਰ ਵੀ ਦੋਸ਼ੀਆਂ ਨੂੰ ਬਚਾਉਣ ਲਈ ਸਰਗਰਮ ਹੈ।ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਅਤੇ ਹੋਰ ਵਰਗ ਨਾਸਿਰਫ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਲੜ ਰਹੇ ਹਨ ਸਗੋਂ ਇਹ ਲੜਾਈ ਮੋਦੀ ਸਰਕਾਰ ਦੀ ਤਾਨਾਸ਼ਾਹੀ, ਜਬਰ, ਅਨਿਆ , ਧੱਕੇ ਅਤੇ ਘੱਟ ਗਿਣਤੀਆਂ ਉੱਤੇ ਦਾਬੇ ਵਿਰੁੱਧ ਵੀ ਲੜਾਈ ਲੜ ਰਹੇ ਹਨ।ਮੋਦੀ ਸਰਕਾਰ ਜਿਸ ਤਰ੍ਹਾਂ ਕਿਸਾਨੀ ਘੋਲ ਵਲ ਪਿੱਠ ਕਰਕੇ ਖੜੀ ਹੈ ਉਸਤੋਂ ਸਪੱਸ਼ਟ ਹੈ ਕਿ ਇਸ ਸਰਕਾਰ ਦਾ ਜਮਹੂਰੀ ਕਦਰਾਂ ਕੀਮਤਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।
ਆਗੂਆਂ ਨੇ ਐਲਾਨ ਕੀਤਾ ਕਿ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਰਿਲਾਇੰਸ ਦੇ ਮੌਲ ਅੱਗੇ ਨਵਾਸ਼ਹਿਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ।
ਇਸ ਮੌਕੇ ਪਰਮਜੀਤ ਸਿੰਘ ਸ਼ਹਾਬਪੁਰ,ਸੁਰਿੰਦਰ ਸਿੰਘ ਸੋਇਤਾ,ਕਮਲਜੀਤ ਸਨਾਵਾ,ਸੁਰਿੰਦਰ ਸਿੰਘ ਮੀਰਪੁਰੀ, ਬਚਿੱਤਰ ਸਿੰਘ ਮਹਿਮੂਦ ਪੁਰ, ਮੋਹਨ ਸਿੰਘ ਲੰਗੜੋਆ,ਮਨਜੀਤ ਕੌਰ ਅਲਾਚੌਰ, ਗੁਰਜੀਤ ਕੌਰ ਸਰਪੰਚ ਰਾਮਰਾਇ ਪੁਰ,ਰਾਵਲ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਕੈਪਸ਼ਨ :ਲਖੀਮਪੁਰ ਖੇਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਆਗੂ।