ਸਿੱਖਿਆ ਮੰਤਰੀ ਤੋਂ ਮਹਿਕਮਾ ਖੁੱਸਿਆ, ਬੇਰੁਜ਼ਗਾਰ ਨੇ ਮੋਰਚਾ ਪੁੱਟਿਆ
ਬੇਰੁਜ਼ਗਾਰ ਸਾਂਝਾ ਮੋਰਚਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਨੌ ਮਹੀਨਿਆਂ ਮਗਰੋਂ ਧਰਨਾ ਚੁੱਕਿਆ
ਸੰਗਰੂਰ, 30 ਸਤੰਬਰ, 2021: ਸਥਾਨਕ ਹਰੀਪੁਰਾ ਬਸਤੀ ਵਿਖੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ 31 ਦਸੰਬਰ 2020 ਤੋਂ ਚਲਦਾ ਬੇਰੁਜ਼ਗਾਰ ਦਾ ਸਾਂਝਾ ਮੋਰਚਾ ਆਖਿਰ ਕਰੀਬ ਨੌ ਮਹੀਨਿਆਂ ਮਗਰੋਂ ਮੰਤਰੀ ਦਾ ਮਹਿਕਮਾ ਖੁੱਸਣ ਕਾਰਨ ਚੁੱਕ ਲਿਆ ਗਿਆ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ, ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਸਿੱਖਿਆ ਮੰਤਰੀ ਦਾ ਨੌ ਮਹੀਨੇ ਆਪਣੀ ਕੋਠੀ ਤੋਂ ਦੂਰ ਰਹਿਣਾ ਅਤੇ ਮੰਤਰੀ ਦਾ ਸਿੱਖਿਆ ਮਹਿਕਮਾ ਖੁੱਸ ਜਾਣਾ, ਇਹ ਬੇਰੁਜ਼ਗਾਰਾਂ ਦੀ ਇੱਕ ਵੱਡੀ ਪ੍ਰਾਪਤੀ ਹੈ।
ਇਸ ਮੌਕੇ ਸਥਾਨਕ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਅਨੇਕਾਂ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਮੋਰਚਾ ਚੁੱਕਣ ਲਈ ਮਨਾਇਆ ਗਿਆ ਤਾਂ ਕਿ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਆਪਣੀ ਕੋਠੀ ਆ ਸਕਣ।
ਬੇਰੁਜ਼ਗਾਰਾਂ ਨੇ ਮੰਗ ਰੱਖੀ ਰੁਜ਼ਗਾਰ ਪ੍ਰਾਪਤੀ ਸੰਘਰਸ਼ ਦੌਰਾਨ ਸੰਗਰੂਰ ਤੇ ਪਟਿਆਲਾ ਵਿਖੇ ਦਰਜ ਮਾਮਲੇ ਰੱਦ ਕੀਤੇ ਜਾਣ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਜਾਵੇ। ਇਸ ਸਬੰਧੀ ਐੱਸ. ਡੀ. ਐੱਮ. ਤੇ ਡੀ. ਐੰਸ. ਪੀ. ਸਤਪਾਲ ਸਮਾਂ ਵੱਲੋਂ ਭਰੋਸਾ ਦਿਵਾਇਆ ਗਿਆ ਉਪਰੰਤ ਐੱਸ. ਐੱਸ. ਪੀ. ਸੁਵੱਪਨ ਸਰਮਾ ਤੇ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਬੇਰੁਜ਼ਗਾਰਾਂਂ ਤੋਂ ਮੰਗ-ਪੱਤਰ ਪ੍ਰਾਪਤ ਕਰਕੇ ਦੋਵੇਂ ਮੰਗਾਂ ਸਬੰਧੀ ਭਰੋਸਾ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਬੇਰੁਜ਼ਗਾਰਾਂ ਵੱਲੋਂ ਆਪਣੇ ਆਰਜ਼ੀ ਤੰਬੂ ਪੁੱਟਕੇ ਸਥਾਨਕ ਸਿਵਲ ਹਸਪਤਾਲ ਨੇੜੇ ਚੱਲ ਰਹੇ ਟੈਂਕੀ ਵਾਲੇ ਮੋਰਚੇ ਤੇ ਲਿਆਂਦਾ ਗਿਆ, ਜਿੱਥੇ 21 ਅਗਸਤ ਤੋਂ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਵੱਲੋਂ ਮਨੀਸ਼ ਫਾਜਿਲਕਾ ਆਪਣੀਆਂ ਮੰਗਾਂ ਨੂੰ ਲੈ ਕੇ ਚੜਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਸਾਂਝੇ ਮੋਰਚੇ (ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼, ਪੀ ਟੀ ਆਈ 646 ਯੂਨੀਅਨ, ਆਲ ਪੰਜਾਬ ਡੀ ਪੀ ਆਈ 873 ਯੂਨੀਅਨ, ਆਰਟ ਐਂਡ ਕਰਾਫਟ ਯੂਨੀਅਨ) ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ 31 ਦਸੰਬਰ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਘਿਰਾਉ ਦਾ ਐਲਾਨ ਕੀਤਾ ਸੀ ਪ੍ਰੰਤੂ ਬੇਰੁਜ਼ਗਾਰ ਸਥਾਨਕ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਐਨ ਕੋਠੀ ਦੇ ਗੇਟ ਤੇ ਬੈਠ ਗਏ ਸਨ।
ਇਸ ਦੌਰਾਨ ਸਿੱਖਿਆ ਮੰਤਰੀ ਇਨ੍ਹਾਂ 9 ਮਹੀਨਿਆਂ ਦੌਰਾਨ ਇੱਕ ਦਿਨ ਵੀ ਆਪਣੀ ਕੋਠੀ ਨਹੀਂ ਪਹੁੰਚ ਸਕੇ ਸਨ। ਬੇਰੁਜ਼ਗਾਰਾਂ ਵੱਲੋਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਕਰੀਬ ਤਿੰਨ ਦਰਜਨ ਪਿੰਡਾਂ ਵਿੱਚ ਨਾਅਰੇ ਲਿਖਣ ਤੇ ਅਰਥੀਆਂ ਫੂਕਣ ਦੀ ਮੁਹਿੰਮ ਚਲਾਉਣ ਦੇ ਨਾਲ-ਨਾਲ ਦਰਜਨਾਂ ਪਿੰਡਾਂ ਸਿੱਖਿਆ ਮੰਤਰੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਅਨੇਕਾਂ ਵਾਰ ਬੇਰੁਜ਼ਗਾਰਾਂ ਨੂੰ ਵੱਖ ਵੱਖ ਥਾਣਿਆਂ ਵਿੱਚ ਡੱਕਿਆ ਜਾਂਦਾ ਰਿਹਾ।
ਇਸ ਮੌਕੇ ਲਫਜ਼ਦੀਪ ਸਿੰਘ, ਹਰਬੰਸ ਸਿੰਘ ਦਾਨਗੜ੍ਹ, ਸਸਪਾਲ ਸਿੰਘ, ਗੁਰਪ੍ਰੀਤ ਸਿੰਘ ਲਾਲਿਆਵਾਲੀ, ਰਵਿੰਦਰ ਸਿੰਘ ਮੂਲਾ ਸਿੰਘ ਵਾਲਾ, ਗੁਰਸੰਤ ਸਿੱਘ, ਹਰਦਮ ਸਿੰਘ, ਅਮਨ ਸੇਖਾ, ਨਿੱਕਾ, ਲੱਡਾ, ਗੁਰਵਿੰਦਰ ਸਿੰਘ, ਸੰਦੀਪ ਨਾਭਾ, ਕੁਲਵੰਤ ਲੌਂਗੋਵਾਲ, ਜੱਗੀ ਜੋਧਪੁਰ, ਹਰਦੇਵ ਸਿੰਘ ਨਾਭਾ, ਉਪਿੰਦਰਜੀਤ ਛਾਜਲੀ, ਰੁਖਸਾਨਾ ਖਾਨ, ਗਗਨਦੀਪ ਭਾਦਸੋਂ, ਵਰਿੰਦਰ ਡਕੌਂਦਾ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।