ਰਾਜਾ ਵੜਿੰਗ ਵੱਲੋਂ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣ ਦਾ ਐਲਾਨ

 ਰਾਜਾ ਵੜਿੰਗ ਵੱਲੋਂ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣ ਦਾ ਐਲਾਨ


ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਬੱਸ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਕੀਤੀ ਸਮੀਖਿਆ


 


ਆਨਲਾਈਨ ਸਿਸਟਮ ਨਾਲ ਬੱਸਾਂ ਅਤੇ ਸਟਾਫ਼ ਦੀਆਂ ਅਸਲ ਸਮੇਂ ਦੀਆਂ ਗਤੀਵਿਧੀਆਂ ਦੀ ਕੀਤੀ ਜਾ ਰਹੀ ਹੈ ਨਿਗਰਾਨੀ


 


ਟਰਾਂਸਪੋਰਟ ਮੰਤਰੀ ਨੇ ਫ਼ੀਲਡ ਵਿੱਚ ਜਨਰਲ ਮੈਨੇਜਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਫ਼ੋਨ ਕਰਕੇ ਲਈ ਜਾਣਕਾਰੀ


 


ਵਧੀਆ ਕਾਰਗੁਜ਼ਾਰੀ ਵਾਲੇ ਜਨਰਲ ਮੈਨੇਜਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹਰ ਪੰਦਰਵਾੜੇ 'ਤੇ ਕੀਤਾ ਜਾਵੇਗਾ ਸਨਮਾਨਤ


 


ਚੰਡੀਗੜ੍ਹ, 12 ਅਕਤੂਬਰ:


 


ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵਾਹਨ ਟ੍ਰੈਕਿੰਗ ਸਿਸਟਮ (ਵੀ.ਟੀ.ਐਸ.) ਨੂੰ ਅੱਗੇ ਵਧਾਉਂਦਿਆਂ ਹੁਣ ਇਹ ਪ੍ਰਣਾਲੀ ਸੂਬੇ ਵਿੱਚ ਚਲ ਰਹੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਵਿੱਚ ਵੀ ਲਗਾਈ ਜਾਵੇਗੀ।


 



ਇਥੇ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁੱਖ ਦਫ਼ਤਰ ਵਿਖੇ ਬੱਸ ਟ੍ਰੈਕਿੰਗ ਸਿਸਟਮ ਮੌਨੀਟਰਿੰਗ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਸ੍ਰੀ ਰਾਜਾ ਵੜਿੰਗ ਨੇ ਦੱਸਿਆ ਕਿ ਪ੍ਰਾਈਵੇਟ ਆਪ੍ਰੇਟਰਾਂ ਦੀਆਂ ਬੱਸਾਂ ਦੀ ਕਾਰਗੁਜ਼ਾਰੀ ਸੁਰੱਖਿਆ ਦੇ ਲਿਹਾਜ਼ ਨਾਲ ਤਸੱਲੀਬਖ਼ਸ਼ ਨਾ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣਾ ਯਕੀਨੀ ਬਣਾਇਆ ਜਾਵੇਗਾ। ਇਸੇ ਦੌਰਾਨ ਟਰਾਂਸਪੋਰਟ ਮੰਤਰੀ ਨੇ ਸਿਸਟਮ ਦੇ ਕੰਮਕਾਜ ਦੀ ਜਾਂਚ ਕਰਨ ਲਈ ਵੱਖ-ਵੱਖ ਡਿਪੂਆਂ ਦੇ ਕਈ ਜਨਰਲ ਮੈਨੇਜਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਫ਼ੋਨ ਕਰਕੇ ਸਿਸਟਮ ਦੀ ਕਾਰਜਕੁਸ਼ਲਤਾ ਚੈਕ ਕੀਤੀ।


 


ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਹ ਸਿਸਟਮ ਹੁਣ ਤੱੱਕ ਪਨਬਸ/ਪੰਜਾਬ ਰੋਡਵੇਜ਼ ਦੀਆਂ 1450 ਬੱਸਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ, ਜੋ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਹੈ ਕਿਉਂਕਿ ਕਿਸੇ ਐਮਰਜੈਂਸੀ ਸਥਿਤੀ ਲਈ ਔਰਤਾਂ ਲਈ ਬੱਸਾਂ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬੱਸਾਂ ਦੇ ਪਾਰਦਰਸ਼ੀ ਅਤੇ ਸਮਾਂਬੱਧ ਆਉਣ-ਜਾਣ ਲਈ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੀ.ਟੀ.ਐਸ. ਰਾਹੀਂ ਬੱਸਾਂ ਦੀ ਤੇਜ਼ ਰਫ਼ਤਾਰ, ਗ਼ਲਤ ਢੰਗ ਨਾਲ ਬ੍ਰੇਕ ਲਗਾਉਣ ਅਤੇ ਤੇਜ਼ ਭਜਾਉਣ, ਬੱਸਾਂ ਦੀ ਰਾਤ ਠਹਿਰ, ਨਿਰਧਾਰਤ ਸਥਾਨਾਂ ਦੀ ਬਜਾਏ ਕਿਸੇ ਹੋਰ ਥਾਂ ਰੁਕਣਾ, ਬੱਸਾਂ ਦਾ ਢਾਬਿਆਂ 'ਤੇ 25 ਮਿੰਟਾਂ ਤੋਂ ਵੱਧ ਰੁਕਣਾ, ਰੂਟ ਬਦਲਣਾ, ਸ਼ਹਿਰਾਂ ਤੋਂ ਬਾਹਰ-ਬਾਹਰ ਲੰਘ ਜਾਣਾ, ਮਿੱਥੇ ਸਟਾਪ 'ਤੇ ਨਾ ਰੁਕਣਾ, ਕਾਊਂਟਰਾਂ ਤੋਂ ਬੱਸਾਂ ਦੇ ਆਉਣ ਅਤੇ ਜਾਣ ਦੀ ਅਸਲ ਸਮੇਂ ਦੀ ਨਿਗਰਾਨੀ, ਬੱਸਾਂ ਦੀ ਅਸਲ ਯਾਤਰਾ ਦੀ ਦੂਰੀ ਆਦਿ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਸਟਮ ਰਾਹੀਂ ਬੱਸਾਂ ਦੀ ਨਿਗਰਾਨੀ ਸਬੰਧਤ ਡਿਪੂਆਂ ਦੇ ਜਨਰਲ ਮੈਨੇਜਰਾਂ ਅਤੇ ਕੇਂਦਰੀ ਕੰਟਰੋਲ ਰੂਮ ਜ਼ਰੀਏ ਕੀਤੀ ਜਾ ਰਹੀ ਹੈ।


 


ਇਸ ਤੋਂ ਇਲਾਵਾ ਮੈਨੇਜਮੈਂਟ ਇਨਫ਼ਰਮੇਸ਼ਨ ਸਿਸਟਮ ਦੀ ਵਰਤੋਂ ਡਰਾਈਵਰਾਂ ਅਤੇ ਕੰਡਕਟਰਾਂ ਦੇ ਵਿਹਾਰ, ਬੱਸਾਂ ਦੀ ਵਰਤੋਂ, ਉਪਲਬਧ ਸਟਾਫ਼ ਦੀ ਵਰਤੋਂ, ਬੱਸਾਂ ਨੂੰ ਮਿੱਥੇ ਸਮੇਂ ਤੋਂ ਦੇਰੀ ਨਾਲ ਅਤੇ ਪਹਿਲਾਂ ਚਲਾਉਣਾ, ਬੱਸਾਂ ਵੱਲੋਂ ਤੈਅ ਕੀਤੇ ਕਿਲੋਮੀਟਰਾਂ ਆਦਿ ਬਾਰੇ ਰਿਪੋਰਟਾਂ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ।


 


ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਸਿਸਟਮ ਵੱਲੋਂ ਤਿਆਰ ਕੀਤੀਆਂ ਰਿਪੋਰਟਾਂ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਫ਼ੀਡਬੈਕ ਦੇ ਆਧਾਰ 'ਤੇ ਹਰ ਪੰਦਰਵਾੜੇ ਡਿਪੂਆਂ ਦੇ ਤਿੰਨ ਵਧੀਆ ਕਾਰਗੁਜ਼ਾਰੀ ਵਾਲੇ ਜਨਰਲ ਮੈਨੇਜਰਾਂ ਅਤੇ ਦਸ-ਦਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਦਕਿ ਕੰਮ 'ਚ ਕੁਤਾਹੀ ਵਰਤਣ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੁਹਰਾਇਆ ਕਿ ਕਿਸੇ ਸਟਾਫ਼ ਮੈਂਬਰ ਵੱਲੋਂ ਪ੍ਰਾਈਵੇਟ ਆਪ੍ਰੇਟਰ ਨਾਲ ਮਿਲੀਭੁਗਤ ਕਰਕੇ ਵਿਭਾਗੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


 


ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਬਲਵਿੰਦਰ ਸਿੰਘ ਲਾਡੀ ਅਤੇ ਦਵਿੰਦਰ ਸਿੰਘ ਘੁਬਾਇਆ, ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਭੁਪਿੰਦਰ ਸਿੰਘ ਮੌਜੂਦ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends