ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਨੇ ਸਰਕਾਰੀ ਰੁਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੰਦਿਆਂ ਮੰਗਿਆ ਆਪਣੇ ਹਿੱਸੇ ਦਾ ਰੁਜ਼ਗਾਰ
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਤੇ ਟੈਂਕੀ 'ਤੇ ਪੱਕਾ ਮੋਰਚਾ ਜਾਰੀ
25 ਦਿਨਾਂ ਤੋਂ ਟੈਂਕੀ ਉੱਤੇ ਡਟਿਆ ਹੈ ਮੁਨੀਸ਼ ਫਾਜ਼ਿਲਕਾ
ਸੰਗਰੂਰ, 15 ਸਤੰਬਰ 2021: ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਨੇ ਨੇੜਲੇ ਪਿੰਡ ਬੇਨੜਾ ਦੇ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਪਹੁੰਚ ਕੇ ਸਰਕਾਰੀ ਰੁਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਆਪਣੇ ਹਿੱਸੇ ਦਾ ਰੁਜ਼ਗਾਰ ਮੰਗਿਆ।
ਇਸ ਮੌਕੇ ਜੱਥੇਬੰਦੀ ਦੇ ਆਗੂ ਅਮਨ ਸੇਖਾ, ਸੰਦੀਪ ਗਿੱਲ ਅਤੇ ਬਲਰਾਜ ਮੌੜ ਨੇ ਕਿਹਾ ਕਿ ਇਕ ਪਾਸੇ ਜਿੱਥੇ ਪੰਜਾਬ ਦੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਕਰੀਬ ਸਾਢੇ ਅੱਠ ਮਹੀਨਿਆਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਅਤੇ ਉੱਥੇ ਦੂਜੇ ਪਾਸੇ 21 ਅਗਸਤ ਤੋਂ ਸਿਵਲ ਹਸਪਤਾਲ ਸੰਗਰੂਰ ਵਾਲੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਵੱਲੋਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਲੋੜਵੰਦ ਯੋਗ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਜਾਣਬੁੱਝ ਕੇ ਜ਼ਲੀਲ ਕਰਕੇ ਸੰਘਰਸ਼ਾਂ ਦੇ ਰਾਹਾਂ ਤੇ ਤੋਰ ਰਹੀ ਹੈ ਅਤੇ ਦੂਜੇ ਪਾਸੇ ਇਹੋ ਜਿਹੇ ਅਖੌਤੀ ਰੁਜ਼ਗਾਰ ਮੇਲੇ ਲਗਾ ਕੇ ਰੁਜ਼ਗਾਰ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁਨੀਸ਼ ਕੁਮਾਰ ਫਾਜ਼ਿਲਕਾ 25 ਦਿਨਾਂ ਤੋਂ ਲਗਾਤਾਰ ਟੈਂਕੀ ਉੱਤੇ ਡੱਟਿਆ ਬੈਠਾ ਹੈ ਅਤੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ 31 ਦਸੰਬਰ ਤੋਂ ਪੱਕਾ ਮੋਰਚਾ ਜਾਰੀ ਹੈ, ਪਰ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਆਏ ਦਿਨ ਸੰਘਰਸ਼ ਕਰਨ ਲਈ ਮਜ਼ਬੂਰ ਕਰ ਰਹੀ ਹੈ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਕਿਧਰੇ ਵੀ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਹਰੇਕ ਜਨਤਕ ਥਾਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਿਰਾਓ ਦੀ ਮੁਹਿੰਮ ਜਾਰੀ ਰਹੇਗੀ।
ਇਸ ਮੌਕੇ ਗੁਰਮੇਲ ਬਰਗਾੜੀ, ਬਲਕਾਰ ਮਘਾਣੀਆ, ਸੁਖਜੀਤ, ਗੁਰਜੰਟ ਕੋਟਭਾਰਾ, ਕੁਲਜੀਤ ਕੋਟਫੱਤਾ, ਸੁਖਵੀਰ ਕੋਟਫੱਤਾ, ਬਲਜੀਤ ਕੌਰ ਬੋਹਾ, ਰੇਨੂੰ ਬੁਢਲਾਡਾ, ਸਾਰੀਤਾ ਵਰ੍ਹੇ, ਕੁਲਵਿੰਦਰ ਕੌਰ ਬੁਢਲਾਡਾ, ਇੰਦਰਜੀਤ ਕੌਰ ਫੁੱਲੂਆਲਾ, ਕਮਲ ਕੌਰ ਮੰਗਵਾਲ, ਮਨਦੀਪ ਕੌਰ ਆਦਿ ਹਾਜ਼ਰ ਸਨ।