ਤੇਲ ਟੈਂਕਰ ਨੂੰ ਆਈ.ਈ.ਡੀ. ਟਿਫਨ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 4 ਹੋਰ ਵਿਅਕਤੀਆਂ ਦੀ ਗਿ੍ਰਫਤਾਰੀ ਹੋਣ ਨਾਲ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼
ਪਿਛਲੇ 40 ਦਿਨਾਂ ਦੌਰਾਨ ਬੇਨਕਾਬ ਕੀਤੇ ਗਏ ਪਾਕਿ ਦੀ ਸਹਿ ਪ੍ਰਾਪਤ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ; ਭੀੜ-ਭਾੜ ਵਾਲੇ ਇਲਾਕਿਆਂ ਅਤੇ ਨਾਜੁਕ ਥਾਵਾਂ ’ਤੇ ਵਧਾਈ ਜਾ ਰਹੀ ਹੈ ਸੁਰੱਖਿਆ
ਚੰਡੀਗੜ, 15 ਸਤੰਬਰ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦੇ ਚਾਰ ਹੋਰ ਮੈਂਬਰਾਂ ਦੀ ਗਿ੍ਰਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਿਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫ.ਆਈ.ਆਰ. ਨੰ. 260 ਮਿਤੀ 11.8.2021, ਪੁਲਿਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗਿ੍ਰਫਤਾਰ ਕੀਤਾ ਗਿਆ ਸੀ।
ਅੱਤਵਾਦੀ ਸਮੂਹਾਂ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੜ ਖੁੱਲਣ ਦੇ ਨਾਲ-ਨਾਲ ਆਗਾਮੀ ਤਿਉਹਾਰਾਂ ਦੇ ਸੀਜ਼ਨ ਅਤੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੁਲਿਸ ਨੂੰ ਹਾਈ ਅਲਰਟ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਬਾਜਾਰਾਂ ਆਦਿ ਦੇ ਨਾਲ-ਨਾਲ ਸੂਬੇ ਭਰ ਵਿੱਚ ਨਾਜੁਕ ’ਤੇ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।
ਗਿ੍ਰਫਤਾਰੀਆਂ ਦੇ ਵੇਰਵੇ ਦਿੰਦਿਆਂ, ਡੀਜੀਪੀ ਨੇ ਦੱਸਿਆ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਕਾਸਿਮ, ਮੋਗਾ ਜ਼ਿਲੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ, ਦੀ ਪਹਿਚਾਣ ਕੀਤੀ ਗਈ ਹੈ ਜੋ ਇਸ ਅੱਤਵਾਦੀ ਗ੍ਰੋਹ ਨਾਲ ਸਬੰਧਤ ਹਨ। ਕੱਲ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲਰਵਾਲ, ਮਲਕੀਤ ਸਿੰਘ ਵਾਸੀ ਉਗਰ ਔਲਖ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ, 2021 ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਰੂਬਲ ਨੂੰ ਕੱਲ ਸਾਮ 5 ਵਜੇ ਦੇ ਕਰੀਬ ਅੰਬਾਲਾ ਤੋਂ ਕਾਬੂ ਕੀਤਾ ਗਿਆ ਸੀ, ਬਾਕੀ ਤਿੰਨਾਂ ਨੂੰ ਅਜਨਾਲਾ, ਅੰਮਿ੍ਰਤਸਰ ਅਧੀਨ ਪੈਂਦੇ ਪਿੰਡਾਂ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਉਨਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲਿਸ ਨੇ 20 ਅਗਸਤ, 2021 ਨੂੰ ਗਿ੍ਰਫਤਾਰ ਕੀਤਾ ਸੀ।
ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਖੁਫੀਆ ਅਧਿਕਾਰੀ ਕਾਸਿਮ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸਨ (ਆਈ.ਐਸ.ਵਾਈ.ਐਫ.) ਦੇ ਮੁਖੀ ਰੋਡੇ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਗ੍ਰੋਹ ਨੂੰ ਤਕਰੀਬਨ 2 ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਉਨਾਂ ਕਿਹਾ ਕਿ ਇਸ ਮਾਮਲੇ ਦੀ ਵਿੱਤੀ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੂਬਲ ਅਤੇ ਵਿੱਕੀ ਭੁੱਟੀ, ਕਾਸਿਮ ਦੇ ਸੰਪਰਕ ਵਿੱਚ ਸਨ, ਜੋ ਰੋਡੇ ਨਾਲ ਨੇੜਿਓਂ ਤਾਲਮੇਲ ਰੱਖ ਰਿਹਾ ਸੀ। ਰੋਡੇ ਅਤੇ ਕਾਸਿਮ ਨੇ ਕਥਿਤ ਤੌਰ ’ਤੇ ਲੋਕਾਂ ਅਤੇ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੱਤਵਾਦੀ ਗ੍ਰੋਹ ਦੇ ਚਾਰ ਮੈਂਬਰਾਂ ਨੂੰ ਇਕ ਆਇਲ ਟੈਂਕਰ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।
ਦਹਿਸ਼ਤ ਫੈਲਾਉਣ ਦੀ ਇਹ ਕੋਸ਼ਿਸ਼ 8 ਅਗਸਤ, 2021 ਨੂੰ ਕੀਤੀ ਗਈ ਸੀ। ਦੱਸਣਯੋਗ ਹੈ ਕਿ ਰਾਤ 11:30 ਵਜੇ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭਾਖਾ ਤਾਰਾ ਸਿੰਘ ਕੋਲ ਅੰਮਿ੍ਰਤਸਰ-ਅਜਨਾਲਾ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ ਵਿਖੇ ਖੜੇ ਇੱਕ ਤੇਲ ਦੇ ਟੈਂਕਰ (ਪੀਬੀ -02 ਸੀਆਰ 5926) ਨੂੰ ਅੱਗ ਲੱਗ ਗਈ ਹੈ। ਅੱਗ ਨੂੰ ਫਾਇਰ ਬਿ੍ਰਗੇਡ ਦੁਆਰਾ ਕਾਬੂ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਸ਼ਰਮਾ, ਅਜਨਾਲਾ ਦੇ ਬਿਆਨਾਂ ’ਤੇ ਪੁਲਿਸ ਥਾਣਾ ਅਜਨਾਲਾ ਵਿਖੇ ਐਫ.ਆਈ.ਆਰ. ਨੰ. 260 ਦਰਜ ਕੀਤੀ ਗਈ।
ਫਿਲਿੰਗ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਰਾਤ 11 ਵਜੇ ਦੇ ਕਰੀਬ ਪੈਟਰੋਲ ਪੰਪ ਕੋਲ ਆਏ ਅਤੇ ਅੰਮਿ੍ਰਤਸਰ ਵੱਲ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਉੱਥੇ ਰੁਕੇ। ਰਾਤ ਕਰੀਬ 11:19 ਵਜੇ ਸੱਕੀ ਵਿਅਕਤੀ ਵਾਪਸ ਆਏ ਅਤੇ ਭੱਜਣ ਤੋਂ ਪਹਿਲਾਂ ਉਹਨਾਂ ਨੇ ਸੱਕੀ ਸਮਗਰੀ ਨੂੰ ਤੇਲ ਟੈਂਕਰ ਦੇ ਈਂਧਨ ਵਾਲੇ ਟੈਂਕ ’ਤੇ ਰੱਖ ਦਿੱਤੀ। ਇਸ ਉਪਰੰਤ ਲਗਭਗ 11:29 ਵਜੇ ਦੋ ਸ਼ੱਕੀ ਵਿਅਕਤੀ ਦੁਬਾਰਾ ਵਾਪਸ ਆਏ ਅਤੇ ਇੱਕ ਮਿੰਟ ਦੇ ਅੰਦਰ ਹੀ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਨੇ ਜਲੰਧਰ-ਅੰਮਿ੍ਰਤਸਰ ਹਾਈਵੇ ’ਤੇ ਹੰਬੋਵਾਲ ਵਿਖੇ ਟਿਫਨ ਆਈ.ਈ.ਡੀ. ਰੱਖਿਆ ਸੀ, ਜਿੱਥੋਂ 6 ਅਗਸਤ, 2021 ਨੂੰ ਵਿੱਕੀ, ਮਲਕੀਤ ਅਤੇ ਗੁਰਪ੍ਰੀਤ ਸਿੰਘ ਨੇ ਰੋਡੇ ਅਤੇ ਕਾਸਿਮ ਦੇ ਨਿਰਦੇਸ਼ਾਂ ’ਤੇ ਇਸ ਨੂੰ ਚੁੱਕਿਆ ਸੀ। ਇਹਨਾਂ ਤਿੰਨਾਂ ਵਿਅਕਤੀਆਂ ਨੇ ਬੰਬ ਨੂੰ ਰਾਜਾਸਾਂਸੀ ਖੇਤਰ ਵਿੱਚ ਇੱਕ ਨਹਿਰ ਦੇ ਨਜਦੀਕ ਲੁਕਾ ਦਿੱਤਾ। ਇਸ ਟਿਫਨ ਬਾਕਸ ਦੇ ਨਾਲ ਇੱਕ ਪੈੱਨ-ਡਰਾਈਵ ਲੱਗੀ ਹੋਈ ਸੀ, ਜਿਸ ਵਿੱਚ ਇੱਕ ਵੀਡੀਓ ਸੀ। ਇਸ ਵੀਡੀਓ ਵਿੱਚ ਟਿਫਿਨ ਬੰਬ ਆਈਈਡੀ ਨੂੰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਟਿਫਿਨ ਬੰਬ ਆਈ.ਈ.ਡੀ. ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ, ਵਿੱਕੀ ਅਤੇ ਰੂਬਲ ਨੂੰ ਰੋਡੇ ਨੇ ਇੱਕ ਵੱਡਾ ਧਮਾਕਾ ਕਰਨ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤੇਲ ਦੇ ਟੈਂਕਰ ਉੱਤੇ ਟਿਫਿਨ ਬੰਬ ਰੱਖਣ ਦਾ ਕੰਮ ਸੌਂਪਿਆ ਸੀ।
8 ਅਗਸਤ, 2021 ਨੂੰ ਇਨਾਂ ਅੱਤਵਾਦੀ ਕਾਰਕੁਨਾਂ ਨੇ ਦਿਨ ਸਮੇਂ ਸ਼ਰਮਾ ਫਿਲਿੰਗ ਸਟੇਸ਼ਨ ਦੀ ਰੇਕੀ ਕੀਤੀ ਅਤੇ ਰਾਤ ਲਗਭਗ 11:00 ਵਜੇ 8 ਮਿੰਟ ਦਾ ਟਾਈਮਰ ਸੈਟ ਕਰਕੇ ਟਿਫਿਨ ਬੰਬ ਆਈ.ਈ.ਡੀ. ਲਗਾ ਦਿੱਤਾ। ਇਹ ਧਮਾਕਾ ਰਾਤ ਕਰੀਬ 11:30 ਵਜੇ ਹੋਇਆ, ਜਿਸ ਕਾਰਨ ਤੇਲ ਟੈਂਕਰ ਦੇ ਟੈਂਕ ਵਿੱਚ ਅੱਗ ਲੱਗ ਗਈ।
ਰੋਡੇ ਅਤੇ ਕਾਸਿਮ ਨਾਲ ਗਿ੍ਰਫਤਾਰ ਕੀਤੇ ਗਏ ਸਾਰੇ ਪੰਜ ਕਾਰਕੁਨਾਂ ਖਿਲਾਫ ਐਫ.ਆਈ.ਆਰ. ਨੰ. 260 ਮਿਤੀ 11 ਅਗਸਤ, 2021 ਨੂੰ ਆਈ.ਪੀ.ਸੀ ਦੀ ਧਾਰਾ 436,427, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 13, 16, 18, 18 ਬੀ, 20 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3, 4, 5 ਅਧੀਨ ਕੇਸ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਚੌਥਾ ਵੱਡਾ ਪਾਕਿ ਦੀ ਸਹਿ ਪ੍ਰਾਪਤ ਅੱਤਵਾਦੀ ਗ੍ਰੋਹ ਹੈ।
ਅੰਮਿ੍ਰਤਸਰ (ਦਿਹਾਤੀ) ਪੁਲਿਸ ਵੱਲੋਂ 8 ਅਗਸਤ, 2021 ਨੂੰ ਪਿੰਡ ਡੱਲੇਕੇ ਥਾਣਾ ਲੋਪੋਕੇ ਤੋਂ ਇੱਕ ਆਧੁਨਿਕ ਟਿਫਿਨ ਬੰਬ ਆਈ.ਈ.ਡੀ. ਬਰਾਮਦ ਕੀਤਾ ਸੀ। ਟਿਫਿਨ ਬੰਬ ਆਈ.ਈ.ਡੀ. ਵਿੱਚ ਲਗਭਗ 2-3 ਕਿਲੋਗ੍ਰਾਮ ਆਰ.ਡੀ.ਐਕਸ. ਸੀ ਅਤੇ ਇਸ ਵਿੱਚ 3 ਵੱਖੋ ਵੱਖਰੇ ਟਰਿਗਰ ਪ੍ਰਣਾਲੀਆਂ ਸਨ ਜਿਹਨਾਂ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕੀ ਅਤੇ ਸਪਰਿੰਗ ਸ਼ਾਮਲ ਸੀ।
15 ਅਗਸਤ ਦੇ ਆਸ ਪਾਸ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਜਿਸ ਉਪਰੰਤ ਹਥਿਆਰਾਂ, ਹੱਥ ਗੋਲਿਆਂ ਆਦਿ ਦੀ ਵੱਡੀ ਖੇਪ ਬਰਾਮਦ ਹੋਈ।
ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਗੁਰਮੁਖ ਸਿੰਘ ਰੋਡੇ ਅਤੇ ਗਗਨਦੀਪ ਸਿੰਘ ਕੋਲੋਂ ਇੱਕ ਟਿਫਿਨ ਬੰਬ ਆਈ.ਈ.ਡੀ. ਤੋਂ ਇਲਾਵਾ 5 ਹੱਥ ਗੋਲੇ, ਡੀਟੋਨੇਟਰਾਂ ਦਾ 1 ਡੱਬਾ, 2 ਟਿਊਬਾਂ ਜਿਨਾਂ ਵਿੱਚ ਆਰ.ਡੀ.ਐਕਸ. ਹੋਣ ਦਾ ਸ਼ੱਕ ਸੀ, ਇੱਕ .30 ਬੋਰ ਦਾ ਪਿਸਤੌਲ, 4 ਗਲੋਕ ਪਿਸਟਲ ਮੈਗਜੀਨ ਅਤੇ 1 ਉੱਚ ਵਿਸਫੋਟਕ ਤਾਰ ਬਰਾਮਦ ਕਰਕੇ ਇੱਕ ਹੋਰ ਅੱਤਵਾਦੀ ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ।
ਹਾਲ ਹੀ ਵਿੱਚ 07 ਸਤੰਬਰ,.2021 ਨੂੰ ਫਿਰੋਜਪੁਰ ਪੁਲਿਸ ਨੇ ਦਰਵੇਸ਼ ਸਿੰਘ ਵਾਸੀ ਫਿਰੋਜਪੁਰ ਨੂੰ ਗਿ੍ਰਫਤਾਰ ਕੀਤਾ ਜਿਸਨੇ ਖੁਲਾਸਾ ਕੀਤਾ ਕਿ ਉਹ ਲਖਬੀਰ ਸਿੰਘ ਰੋਡੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ਨੇ ਫਿਰੋਜਪੁਰ ਜ਼ਿਲੇ ਵਿੱਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਲਿਆਂਦੀ ਹਥਿਆਰਾਂ, ਟਿਫਿਨ ਬੰਬ ਆਈ.ਈ.ਡੀਜ, ਆਰ.ਡੀ.ਐਕਸ. ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ। ਦਰਵੇਸ਼ ਸਿੰਘ ਨੂੰ ਥਾਣਾ ਮਮਦੋਟ ਵਿਖੇ ਐਨਡੀਪੀਐਸ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂ.ਏ. (ਪੀ) ਐਕਟ ਤਹਿਤ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ।