ਘਰ-ਘਰ ਰੁਜ਼ਗਾਰ ਦਾ ਨਾਅਰਾ ਦੇਣ ਵਾਲੀ ਕੈਪਟਨ ਸਰਕਾਰ ਨੇ ਐੱਚ.ਟੀ. ਵੇਟਿੰਗ ਅਧਿਆਪਕਾਂ ਤੋਂ ਖੋਹਿਆ ਮਿਲਿਆ ਮਿਲਾਇਆ ਰੁਜ਼ਗਾਰ

 ਘਰ-ਘਰ ਰੁਜ਼ਗਾਰ ਦਾ ਨਾਅਰਾ ਦੇਣ ਵਾਲੀ ਕੈਪਟਨ ਸਰਕਾਰ ਨੇ ਐੱਚ.ਟੀ. ਵੇਟਿੰਗ ਅਧਿਆਪਕਾਂ ਤੋਂ ਖੋਹਿਆ ਮਿਲਿਆ ਮਿਲਾਇਆ ਰੁਜ਼ਗਾਰ





ਸੰਗਰੂਰ, 6 ਸਤੰਬਰ 2021: ਪੰਜਾਬ ਦੀ ਕੈਪਟਨ ਸਰਕਾਰ ਦਾ ਘਰ-ਘਰ ਰੋਜ਼ਗਾਰ ਦਾ ਨਾਅਰਾ ਓਦੋਂ ਝੂਠਾ ਸਾਬਿਤ ਹੋਇਆ ਜਦੋਂ ਸਿੱਖਿਆ ਵਿਭਾਗ ਅਧੀਨ 1558 ਐੱਚ.ਟੀ. ਅਤੇ 375 ਸੀ. ਐੱਚ.ਟੀ. ਦੀ ਸਿੱਧੀ ਭਰਤੀ ਨੂੰ ਵਿਚਕਾਰ ਹੀ ਬੰਦ ਕਰਕੇ ਸੈਂਕੜੇ ਵੇਟਿੰਗ ਅਧਿਆਪਕਾਂ ਦੀ ਆਸਾਂ ਤੇ ਪਾਣੀ ਫੇਰ ਦਿੱਤਾ।


ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਲਿਖਤੀ ਟੈਸਟ ਦੇ ਆਧਾਰ ਤੇ ਮਾਰਚ 2019 ਵਿੱਚ 1558 ਐੱਚ.ਟੀ. ਅਤੇ 375 ਸੀ. ਐੱਚ. ਟੀ. ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ ‌ ਇਸ ਭਰਤੀ ਦੇ ਅੰਤਿਮ ਗੇੜ ਵਿੱਚ ਲਗਭਗ 400 ਅਧਿਆਪਕਾਂ ਦੀ ਸਕਰੂਟਨੀ ਕੀਤੀ ਗਈ ਸੀ ਪਰੰਤੂ ਉਹਨਾਂ ਵਿੱਚੋਂ ਸਿਰਫ 100 ਅਧਿਆਪਕਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ। 


ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਕੋਲ ਹੁਣ ਵੀ ਵੱਖ-ਵੱਖ ਕਾਰਨਾਂ ਕਰਕੇ ਵੱਡੀ ਗਿਣਤੀ ਵਿੱਚ ਆਸਾਮੀਆਂ ਖਾਲੀ ਪਈਆਂ ਹਨ ਜਿਹਨਾਂ ਨੂੰ ਭਰਵਾਉਣ ਲਈ ਯੂਨੀਅਨ ਆਗੂ ਪਿਛਲੇ ਡੇਢ ਸਾਲ ਤੋਂ ਮੰਤਰੀਆਂ ਅਤੇ ਅਧਿਕਾਰੀਆਂ ਦੇ ਦਰਾਂ ਤੇ ਗੇੜੇ ਮਾਰ ਮਾਰ ਅੱਕ ਤੇ ਥੱਕ ਚੁੱਕੇ ਹਨ। 


ਸਿੱਖਿਆ ਵਿਭਾਗ ਨੇ 18 ਅਗਸਤ 2021 ਨੂੰ ਇੱਕ ਨੋਟਿਸ ਕੱਢ ਕੇ ਭਰਤੀ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਭਰਤੀ ਨੂੰ ਚਲਦਿਆਂ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ, ਇਸ ਲਈ ਕਨੂੰਨ ਤਹਿਤ ਵੇਟਿੰਗ ਅਧਿਆਪਕਾਂ ਨੂੰ ਨਹੀਂ ਵਿਚਾਰਿਆ ਜਾ ਸਕਦਾ। ਜਦੋਂ ਕਿ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਵਿਭਾਗ ਵਿੱਚ ਪਿਛਲੇ ਪੰਜ-ਪੰਜ ਸਾਲ ਤੋਂ ਭਰਤੀਆਂ ਚੱਲ ਰਹੀਆਂ ਹਨ ਫੇਰ ਸਿਰਫ ਉਹਨਾਂ ਦੀ ਇਸ ਭਰਤੀ ਤੇ ਹੀ ਇਹ ਕਨੂੰਨ ਕਿਉਂ ਥੋਪਿਆ ਗਿਆ।


ਉਨ੍ਹਾਂ ਕਿਹਾ ਵਿਭਾਗ ਵਿੱਚ ਇਹ ਭਰਤੀ 25 ਸਾਲ ਪਿੱਛੋਂ ਆਈ ਹੈ। ਉਂਝ ਵੀ ਇੱਕ ਸਾਲ ਤਾਂ ਇਸ ਭਰਤੀ ਤੇ ਕੋਰਟ ਸਟੇਅ ਕਾਰਨ ਇਹ ਭਰਤੀ ਰੁੱਕੀ ਰਹੀ ਤੇ ਕੋਰਟ ਕੇਸ ਤੋਂ ਬਾਅਦ ਵਿਭਾਗ ਨੇ ਭਰਤੀ ਨੂੰ ਕੱਛੂਕੁੰਮੇ ਦੀ ਚਾਲ ਚਲਾਇਆ ਅਤੇ ਆਪਣੇ ਕਰੀਬੀਆਂ ਨੂੰ ਫਾਇਦੇ ਦੇਣ ਲਈ ਵਾਰ-ਵਾਰ ਸਟੇਸ਼ਨ ਚੁਆਇਸ ਕਰਵਾਕੇ ਸਮਾਂ ਖਰਾਬ ਕੀਤਾ ਗਿਆ। 


ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਦੇ ਅੜੀਅਲ ਰਵੱਈਏ ਕਰਕੇ ਉਹਨਾਂ ਤੋਂ ਮਿਲਿਆ ਮਿਲਾਇਆ ਰੋਜ਼ਗਾਰ ਖੋਹਿਆ ਜਾ ਰਿਹਾ ਹੈ ਤੇ ਇੱਕ ਸਿੱਖਿਆ ਸਕੱਤਰ ਸਾਹਮਣੇ ਸਾਰੇ ਮੰਤਰੀ ਅਤੇ ਸਰਕਾਰ ਬੇੱਬਸ ਖੜੀ ਦਿਖਾਈ ਦੇ ਰਹੀ ਹੈ। 


ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਜੇ ਸਰਕਾਰ ਨੇ ਭਰਤੀ ਬੰਦ ਦਾ ਨੋਟਿਸ ਵਾਪਸ ਲੈ ਕੇ ਉਹਨਾਂ ਦਾ ਬਣਦਾ ਹੱਕ ਨਾ ਦਿੱਤਾ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤੇ ਮੰਤਰੀਆਂ ਅਤੇ ਵਿਭਾਗੀ ਅਧਿਕਾਰੀਆਂ ਦਾ ਘੇਰਾਓ ਕੀਤਾ ਜਾਵੇਗਾ। 


ਇਸ ਮੌਕੇ ਬਲਕਾਰ ਪੂਨੀਆ, ਜੋਗਾ ਘਨੌਰ, ਸਤਨਾਮ ਸਿੰਘ ਭੰਗੂ, ਮੈਡਮ ਗੁਰਮੀਤ ਕੌਰ ਸੰਗਰੂਰ, ਰਣਜੀਤ ਸਿੰਘ ਅੰਮ੍ਰਿਤਸਰ, ਭਗਵੰਤ ਕੌਰ, ਅਮਨ ਗੁਰਦਾਸਪੁਰ ਆਦਿ ਮੌਜੂਦ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends