ਐੱਸ.ਏ.ਐੱਸ.ਨਗਰ 6 ਸਤੰਬਰ (ਚਾਨੀ) ਨੈਸ਼ਨਲ ਅਚੀਵਮੈਂਟ ਸਰਵੇ -2021' ਲਈ ਸਕੂਲਾਂ ਵਿੱਚ ਅਧਿਆਪਕਾਂ ਲਈ ਸੁਖਾਵਾਂ ਮਾਹੌਲ ਸਿਰਜਿਆ ਜਾਵੇ - ਸਿੱਖਿਆ ਸਕੱਤਰ
ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਨਿਰਧਾਰਤ ਪਾਠਕ੍ਰਮ ਅਨੁਸਾਰ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਲਈ ਕਿਹਾ
ਪੰਜਾਬ ਸਰਕਾਰ ਦੀ ਯੋਗ ਅਗਵਾਈ ਅਧੀਨ ਅਤੇ ਉੱਚ ਸਿੱਖਿਆ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਮੁੱਚਾ ਸਿੱਖਿਆ ਵਿਭਾਗ ਨਵੰਬਰ ਮਹੀਨੇ ਹੋਣ ਜਾ ਰਹੀ ਨੈਸ ਪ੍ਰੀਖਿਆ ਦੀ ਤਿਆਰੀ ਵਿੱਚ ਵਿਅਸਤ ਹੈ ਕਿਉਂਕਿ ਇਸ ਪ੍ਰੀਖਿਆ ਦੌਰਾਨ ਸੂਬੇ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਣ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲਾਂ ਵਿੱਚ ਨੈਸ ਪ੍ਰੀਖਿਆ ਦੀਆਂ ਤਿਆਰੀਆਂ ਦਾ ਜ਼ਾਇਜ਼ਾ ਲੈਣ ਲਈ ਰੋਜ਼ਾਨਾ ਪ੍ਰੇਰਨਾਦਾਇਕ ਵਿਜ਼ਟਾਂ ਕੀਤੀਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਪ੍ਰੀਖਿਆ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਸਿਖਲਾਈ ਵੀ ਕਰਵਾਈ ਗਈ ਹੈ। ਇਸ ਸਬੰਧੀ ਵਿਭਾਗ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਆਪਣੇ ਪੱਧਰ 'ਤੇ ਸ਼ਲਾਘਾਯੋਗ ਯਤਨ ਕੀਤੇ ਜਾ ਰਹੇ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨੈਸ ਪ੍ਰੀਖਿਆ ਦੀ ਤਿਆਰੀ ਸਬੰਧੀ ਸਕੂਲਾਂ ਵਿੱਚ ਸਕਾਰਾਤਮਕ ਮਾਹੌਲ ਬਣਾਉਣ ਲਈ ਹਦਾਇਤ ਕੀਤੀ ਹੈ। ਉਹਨਾਂ ਕਿਹਾ ਕਿ ਸਮੂਹ ਅਧਿਆਪਕ ਇਸ ਪ੍ਰੀਖਿਆ ਨੂੰ ਲੈ ਕੇ ਕਿਸੇ ਕਿਸਮ ਦਾ ਦਬਾਅ ਮਹਿਸੂਸ ਨਾ ਕਰਨ ਅਤੇ ਨਿਰਧਾਰਿਤ ਪਾਠਕ੍ਰਮ ਅਨੁਸਾਰ ਆਪਣੇ ਪੱਧਰ 'ਤੇ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਂਦੇ ਰਹਿਣ। ਜਾਰੀ ਹਦਾਇਤਾਂ ਅਨੁਸਾਰ ਅਧਿਆਪਕ ਨੈਸ ਪ੍ਰੀਖਿਆ ਦੇ ਪੈਟਰਨ ਅਧਾਰਿਤ ਪ੍ਰਸ਼ਨਾਂ/ਸੰਕਲਪਾਂ ਦਾ ਵੱਧ ਤੋਂ ਵੱਧ ਅਭਿਆਸ ਕਰਵਾਉਣਾ ਯਕੀਨੀ ਬਣਾਉਣ ਤਾਂ ਕਿ ਵਿਦਿਆਰਥੀ 12 ਨਵੰਬਰ ਨੂੰ ਹੋਣ ਜਾ ਰਹੀ ਨੈਸ ਪ੍ਰੀਖਿਆ ਵਿੱਚ ਆਪਣੇ ਅਸਲ ਸਿੱਖਣ ਪੱਧਰਾਂ ਦਾ ਪ੍ਰਦਰਸ਼ਨ ਪੂਰਨ ਆਤਮਵਿਸ਼ਵਾਸ ਨਾਲ ਕਰ ਸਕਣ।
ਬੁਲਾਰੇ ਨੇ ਦੱਸਿਆ ਕਿ ਇਸ ਪ੍ਰੀਖਿਆ ਦੌਰਾਨ ਕੋਈ ਵੱਖਰਾ ਸਿਲੇਬਸ ਨਹੀਂ ਹੈ। ਅਧਿਆਪਕਾਂ ਦੀ ਸੁਵਿਧਾ ਅਤੇ ਅਗਵਾਈ ਲਈ ਵਿਭਾਗ ਵੱਲੋਂ ਸਿਲੇਬਸ ਦੀ ਹਫ਼ਤਾਵਾਰੀ ਵੰਡ ਕਰਕੇ ਵੀ ਭੇਜੀ ਜਾ ਚੁੱਕੀ ਹੈ।
ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਮੂਹ ਸਕੂਲ ਮੁਖੀ ਇਸ ਪ੍ਰੀਖਿਆ ਸਬੰਧੀ ਸਕੂਲਾਂ ਵਿੱਚ ਸੁਖਾਵਾਂ ਮਾਹੌਲ ਸਿਰਜਣ। ਸਕੂਲਾਂ ਦੀਆਂ ਵਿਜ਼ਿਟਾਂ ਲਈ ਜਾਣ ਵਾਲੀਆਂ ਟੀਮਾਂ ਵੱਲੋਂ ਅਧਿਆਪਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਪ੍ਰੀਖਿਆ ਸਬੰਧੀ ਅਧਿਆਪਕਾਂ ਦੇ ਸ਼ੰਕਿਆਂ ਅਤੇ ਸਵਾਲਾਂ ਦਾ ਨਿਵਾਰਣ ਟੀਮਾਂ ਵੱਲੋਂ ਪੂਰੀ ਤਿਆਰੀ ਸਹਿਤ ਕੀਤਾ ਜਾਵੇ ਅਤੇ ਇਸ ਪ੍ਰੀਖਿਆ ਦੀ ਮਹੱਤਵਪੂਰਨ ਕੜੀ ਵਜੋਂ ਕਾਰਜ ਕਰ ਰਹੇ ਅਧਿਆਪਕਾਂ ਦਾ ਮਾਣ-ਸਨਮਾਨ ਹਰ ਹਾਲਤ ਵਿੱਚ ਬਣਿਆ ਰਹਿਣਾ ਯਕੀਨੀ ਬਣਾਇਆ ਜਾਵੇ।