ਛੇ ਹੋਰ ਝੁੱਗੀ-ਝੌਂਪੜੀ ਵਾਲਿਆਂ ਨੂੰ ਦਿੱਤੇ ਮਾਲਕਾਨਾ ਹੱਕ; 46 ਝੁੱਗੀ ਝੌਂਪੜੀ ਵਾਲੀਆਂ ਥਾਵਾਂ ‘ਤੇ ਰਹਿੰਦੇ 8141 ਬੇਘਰੇ ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਕੀਤਾ ਸਾਕਾਰ
ਮੁੱਖ ਸਕੱਤਰ ਵੱਲੋਂ 'ਬਸੇਰਾ' ਸਕੀਮ ਦੇ ਲਾਗੂਕਰਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਮਹੀਨਾਵਾਰ ਸਮੀਖਿਆ ਦੇ ਆਦੇਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰੋਗਰਾਮ 'ਬਸੇਰਾ' ਤਹਿਤ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ, ਜਲੰਧਰ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਝੁੱਗੀ-ਝੌਂਪੜੀ ਵਾਲੀਆਂ (ਸਲੱਮ) ਛੇ ਹੋਰ ਥਾਵਾਂ 'ਤੇ ਰਹਿਣ ਵਾਲਿਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰਵਾਨਗੀ ਇਥੇ 'ਬਸੇਰਾ' ਸਕੀਮ ਅਧੀਨ ਸੰਚਾਲਨ ਕਮੇਟੀ ਦੀ ਪੰਜਵੀਂ ਮੀਟਿੰਗ, ਜਿਸ ਦੀ ਪ੍ਰਧਾਨਗੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕੀਤੀ, ਵਿੱਚ ਦਿੱਤੀ ਗਈ।
ਇਸ ਫੈਸਲੇ ਦੇ ਨਾਲ ਹੀ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੁਣ ਤੱਕ 46 ਝੁੱਗੀ-ਝੌਂਪੜੀ ਵਾਲੀਆਂ ਥਾਵਾਂ 'ਤੇ ਰਹਿੰਦੇ 8,141 ਪਰਿਵਾਰਾਂ ਨੂੰ ਘਰਾਂ ਦੇ ਮਾਲਕੀ ਹੱਕ ਮਿਲ ਗਏ ਹਨ।
ਸਕੀਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ 'ਬੇਘਰਿਆਂ ਲਈ ਘਰ' ਸਕੀਮ ਦੀ ਮਹੀਨਾਵਾਰ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ ਅਤੇ ਛੇਤੀ ਤੋਂ ਛੇਤੀ ਉਨ੍ਹਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।
ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਲੋਕ-ਪੱਖੀ ਯੋਜਨਾ ਦੇ ਨਿਰਵਿਘਨ ਅਮਲ ਲਈ ਹੋਰ ਸਰਗਰਮੀ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਰਾਜ ਸਰਕਾਰ ਦੀ ਜ਼ਮੀਨ 'ਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਯੋਜਨਾ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਪੀ.ਡਬਲਿਊ.ਡੀ. ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਸਕੱਤਰ ਮਾਲ ਵਿਭਾਗ ਮਨਵੇਸ਼ ਸਿੰਘ ਸਿੱਧੂ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।