Wednesday, 15 September 2021

10 ਕਰੋੜ ਦੀ ਅਨੁਮਾਨਤ ਲਾਗਤ ਨਾਲ ਬਣ ਰਿਹੈ ਆਧੁਨਿਕ ਸਰਕਾਰੀ ਮੱਛੀ ਪੂੰਗ ਫਾਰਮ

 ਪਿੰਡ ਕਿੱਲ੍ਹਿਆਂ ਵਾਲੀ ਵਿੱਚ 10 ਕਰੋੜ ਦੀ ਅਨੁਮਾਨਤ ਲਾਗਤ ਨਾਲ ਬਣ ਰਿਹੈ ਆਧੁਨਿਕ ਸਰਕਾਰੀ ਮੱਛੀ ਪੂੰਗ ਫਾਰਮ

6 ਪ੍ਰਕਾਰ ਦੀਆਂ ਮੱਛੀਆਂ ਦਾ ਪੂੰਗ ਹੋਵੇਗਾ ਸਪਲਾਈ


ਮਿੱਟੀ-ਪਾਣੀ ਦੀ ਪਰਖ ਲਈ ਬਣਾਈ ਜਾ ਰਹੀ ਹੈ ਲੈਬੋਰੇਟਰੀ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਰਾਜ ਦੇ ਕਿਸਾਨਾਂ ਦੀ ਆਮਦਨ ਵਾਧੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲ੍ਹਿਆਂ ਵਾਲੀ ਵਿਖੇ ਸਰਕਾਰੀ ਮੱਛੀ ਪੂੰਗ ਫਾਰਮ ਤਿਆਰ ਕਰਵਾਇਆ ਜਾ ਰਿਹਾ ਹੈ। 10 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਨ ਵਾਲੇ ਇਸ ਮੱਛੀ ਪੂੰਗ ਫਾਰਮ ਦਾ ਨਿਰਮਾਣ ਆਖਰੀ ਪੜ੍ਹਾਅ ਵਿੱਚ ਹੈ।ਇਸ ਬਾਰੇ ਜਾਣਕਾਰੀ ਫਾਜ਼ਿਲਕਾ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਪ ਮੰਡਲ ਅਬੋਹਰ ਦੇ ਪਿੰਡ ਕਿੱਲ੍ਹਿਆਂ ਵਾਲੀ ਵਿੱਚ 15 ਏਕੜ ਤੋਂ ਵੱਧ ਥਾਂ ਵਿਚ ਇਹ ਪ੍ਰਾਜੈਕਟ ਬਣ ਰਿਹਾ ਹੈ ਜਿਸ ਵਿੱਚ ਇਕ ਪ੍ਰਬੰਧਕੀ ਬਲਾਕ, ਸਟਾਫ ਲਈ ਰਿਹਾਇਸ਼ ਅਤੇ ਮੱਛੀ ਪਾਲਣ ਦਾ ਪੂੰਗ ਤਿਆਰ ਕਰਨ ਤੇ ਸਪਲਾਈ ਕਰਨ ਲਈ ਕਰੀਬ 38 ਤਲਾਬ ਬਣ ਰਹੇ ਹਨ।ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਥੋਂ ਭਾਰਤੀ ਮੇਜਰ ਕਾਰਪ ਜਿਵੇਂ ਕਤਲਾ, ਰੋਹੂ, ਮੁਰਾਖ ਅਤੇ ਵਿਦੇਸ਼ੀ ਕਾਰਪ ਜਿਵੇਂ ਸਿਲਵਰ ਕਾਰਪ, ਗਰਾਸ ਕਾਰਪ ਤੇ ਕਾਮਨ ਕਾਰਪ ਮੱਛੀਆਂ ਦਾ ਵਧੀਆ ਕੁਆਲਟੀ ਦਾ ਪੂੰਗ ਤਿਆਰ ਕਰਕੇ ਕਿਸਾਨਾਂ ਨੂੰ ਸਪਲਾਈ ਕੀਤਾ ਜਾਵੇਗਾ। ਇਥੋਂ ਮੱਛੀ ਕਾਸ਼ਤਕਾਰਾਂ ਨੂੰ ਰਿਆਇਤੀ ਦਰਾਂ ਤੇ ਚੰਗੀ ਮਿਆਰ ਵਾਲਾ ਮੱਛੀ ਪੂੰਗ ਮਿਲੇਗਾ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿੱਚ ਬਰੂਡ ਸਟਾਕ ਲਈ 12 ਟੈਂਕ ਬਣਾਏ ਜਾ ਰਹੇ ਹਨ ਜਿਸ ਵਿੱਚ ਪ੍ਰਜਨਣ ਲਈ ਬਾਲਗ ਨਰ ਅਤੇ ਮਾਦਾ ਮੱਛੀਆਂ ਦਾ ਰੱਖ ਰਖਾਅ ਕੀਤਾ ਜਾਵੇਗਾ। ਇਸ ਤੋਂ ਬਿਨਾਂ ਇਕ ਬਰੀਡਿੰਗ ਪੂਲ ਜਿਸ ਵਿਚ ਨਰ ਅਤੇ ਮਾਦਾ ਮੱਛੀਆਂ ਦੀ ਬਰੀਡਿੰਗ ਕਰਵਾਈ ਜਾਵੇਗਾ। 6 ਹੈਚਰੀਜ਼ ਜਿਥੇ ਅੰਡਿਆਂ ਤੋਂ ਸਪਾਨ ਤਿਆਰ ਕੀਤਾ ਜਾਵੇਗਾ। 16 ਨਰਸਰੀ ਟੈਂਕ ਬਣ ਰਹੇ ਹਨ ਜਿਸ ਵਿਚ ਸਪਾਨ ਦੀ ਸਟਾਕਿੰਗ ਅਤੇ ਸਪਾਨ ਨੂੰ ਫ੍ਰਾਈ ਸਾਈਜ਼ ਤੱਕ ਤਿਆਰ ਕੀਤਾ ਜਾਵੇਗਾ। ਇਸ ਤੋਂ ਬਿਨਾਂ ਏਥੇ 10 ਰੀਅਰਰਿੰਗ ਤਲਾਬ ਬਣਾਏ ਜਾ ਰਹੇ ਹਨ ਜਿਥੇ ਮੱਛੀ ਦੇ ਫਰਾਈ ਸਾਈਜ਼ ਬੱਚੇ ਨੂੰ ਫ਼ਿੰਗਰਲਿੰਗ ਸਾਈਜ਼ ਤਕ ਤਿਆਰ ਕੀਤਾ ਜਾਵੇਗਾ।ਮੱਛੀ ਪਸਾਰ ਅਫਸਰ ਪ੍ਰਭਜੋਤ ਕੌਰ ਅਤੇ ਕੋਕਮ ਕੌਰ ਨੇ ਦੱਸਿਆ ਕਿ ਇਸ ਫਾਰਮ ਵਿਖੇ ਮੱਛੀ ਪਾਲਕਾਂ ਨੂੰ ਸਿਖਲਾਈ ਦੇਣ ਲਈ ਇਕ ਟ੍ਰੇਨਿੰਗ ਹਾਲ, ਮਿੱਟੀ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਲੈਬੋਰੇਟਰੀ ਤੇ ਫੀਡ ਸਟੋਰ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਫਾਰਮ ਦਾ ਨਿਰਮਾਣ ਪੰਚਾਇਤੀ ਰਾਜ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਐਸ.ਡੀ.ਓ. ਹਰਮੀਤ ਸਿੰਘ ਅਨੁਸਾਰ ਇਸ ਦਾ ਨਿਰਮਾਣ ਅਕਤੂਬਰ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...