ਚੰਡੀਗੜ੍ਹ: ਪੰਜਾਬ ਕੈਬਨਿਟ ਸਬ ਕਮੇਟੀ ਦੀ ਅੱਜ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨਾਲ ਮੀਟਿੰਗ ਹੋਈ। ਜਿਸ ‘ਚ ਮੁਲਾਜ਼ਮਾਂ ਤੇ ਮੰਤਰੀਆਂ ਦੀ ਬਹਿਸ ਮਗਰੋਂ ਪੰਜਾਬ ਸਰਕਾਰ ਅਤੇ ਫਰੰਟ ਦੀ ਗੱਲ ਟੁੱਟ ਗਈ ਹੈ। ਜਿਸ ਦੌਰਾਨ ਮੁਲਾਜ਼ਮ ਆਗੂਆਂ ਨੇ ਪੰਜਾਬ ਭਵਨ ਵਿਚ ਹੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਦੇਖਦਿਆਂ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਨੇ ਮੁਲਾਜ਼ਮ ਆਗੂਆਂ ਨੂੰ ਮੁੜ ਮੀਟਿੰਗ ਲਈ ਸੱਦਿਆ ਹੈ ਤੇ ਹੁਣ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਇੱਕ ਹੋਰ ਮੀਟਿੰਗ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅੜੀ ਕਾਰਨ ਇਕ ਵਾਰ ਫਿਰ ਇਹ ਗੱਲਬਾਤ ਟੁੱਟੀ ਹੈ।
ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਮੰਗਾਂ ਬਾਰੇ ਫਰੰਟ ਕੁਝ ਥੱਲੇ ਆਵੇ ਅਤੇ ਸਰਕਾਰ ਕੁਝ ਉਪਰ ਆਉਂਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਰੈਵਨਿਊ ਨਹੀਂ ਆ ਰਿਹਾ ਤੇ ਉਹਨਾਂ ਅੰਕ 2.72 ਮੰਨਣ ਤੋਂ ਇਨਕਾਰੀ ਕਰ ਦਿੱਤੀ।
ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੌਜੂਦਾ ਤਨਖਾਹ ਮਿਥਣ ਦੇ ਫਾਰਮੂਲੇ ਨਾਲ ਹਰੇਕ ਮੁਲਾਜ਼ਮ ਦੀ ਤਨਖਾਹ ਵਿਚ 10 ਫੀਸਦ ਵਾਧਾ ਹੋਵੇਗਾ। ਮੁਲਾਜ਼ਮ ਆਗੂਆਂ ਨੇ ਤਨਖਾਹਾਂ ਵਿਚ ਘੱਟੋ ਘੱਟ 20 ਫੀਸਦ ਵਾਧਾ ਦੇਣ ਦੀ ਮੰਗ ਕੀਤੀ ਹੈ। ਜਿਸ ਕਾਰਨ ਹੁਣ ਤਨਖਾਹ ਸੋਧਣ ਦੇ ਅੰਕ ਉਪਰ ਦੋਵਾਂ ਧਿਰਾਂ ਵਿਚਕਾਰ ਪੇਚ ਫਸਿਆ ਹੈ।