ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਸੂਬਾਈ ਜਨਰਲ ਕੌਂਸਲ ਦਾ ਅਜਲਾਸ ਸਫਲਤਾ ਪੂਰਵਕ ਸੰਪੰਨ
ਸਿੱਖਿਆ ਮੰਤਰੀ ਦੀ ਕੋਠੀ ਤੱਕ ਕੀਤਾ ਗਿਆ ਰੋਹ ਭਰਪੂਰ ਪ੍ਰਦਰਸ਼ਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 8 ਅਗਸਤ, 2021: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸਥਾਨਕ ਪਾਰੁਲ ਪੈਲੇਸ ਸੰਗਰੂਰ ਵਿਖੇ ਪੰਜਾਬ ਭਰ ਵਿੱਚੋਂ ਸ਼ਾਮਲ ਹੋਏ ਜ਼ਿਲ੍ਹਾ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ 'ਤੇ ਆਧਾਰਿਤ 16ਵੀਂ ਜਨਰਲ ਕੌਂਸਲ ਦਾ ਪਹਿਲਾ ਜੱਥੇਬੰਦਕ ਅਜਲਾਸ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਨੇ ਪਿਛਲੀਆਂ ਸਰਗਰਮੀਆਂ ਦਾ ਲੇਖਾ ਜੋਖਾ ਕਰਦਿਆਂ ਭਵਿੱਖੀ ਸੰਘਰਸ਼ੀ ਰਣਨੀਤੀ ਤੇ ਵਿਚਾਰਾਂ ਕੀਤੀਆਂ। ਅਜਲਾਸ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਅਤੇ ਜ਼ਿਲ੍ਹਾ ਪ੍ਰਧਾਨਾਂ ਤੇ ਆਧਾਰਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸਾਥੀ ਸ਼ਿਵ ਕੁਮਾਰ ਸ਼ਰਮਾ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਮੁਲਾਜ਼ਮਾਂ ਵੱਲੋਂ ਭਰਾਤਰੀ ਸੰਦੇਸ਼ ਦਿੱਤਾ। ਅਜਲਾਸ ਦੇ ਆਰੰਭ 'ਚ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਮੁਲਾਜ਼ਮ ਲਹਿਰ ਦੇ ਸਦੀਵੀ ਵਿਛੋੜਾ ਦੇ ਗਏ ਸਾਥੀ ਸੁਖਦੇਵ ਸਿੰਘ ਬਡ਼ੀ, ਸਾਥੀ ਸੱਜਣ ਸਿੰਘ, ਰਮੇਸ਼ ਚੰਦਰ ਸ਼ਰਮਾ, ਲਾਲ ਸਿੰਘ, ਆਰ ਮੁਥੂ ਸੁੰਦਰਮ, ਕਿਸਾਨੀ ਸੰਘਰਸ਼ ਅਤੇ ਜਮਹੂਰੀ ਲਹਿਰ ਦੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਕੇਂਦਰੀ ਹਕੂਮਤ ਸਮੇਤ ਪੰਜਾਬ ਸਰਕਾਰ ਤੇਜ਼ੀ ਨਾਲ ਸਿੱਖਿਆ ਕਾਰਪੋਰੇਟਾਂ ਹਵਾਲੇ ਕਰਨ ਜਾ ਰਹੀ ਹੈ। ਸਿੱਖਿਆ ਦੇ ਨਿੱਜੀਕਰਨ ਦਾ ਅਰਥ ਕਮਜ਼ੋਰ ਆਰਥਿਕ ਵਰਗਾਂ ਤੇ ਪੇਂਡੂ ਖੇਤਰ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਕਰਨਾ ਹੋਵੇਗਾ। ਇਸ ਤੋਂ ਅੱਗੇ ਰਿਪੋਰਟ ਅੰਦਰ ਦਰਜ ਕੀਤਾ ਗਿਆ ਕਿ ਪੰਜਾਬ ਸਿੱਖਿਆ ਵਿਭਾਗ ਅੰਦਰ ਤਾਨਾਸ਼ਾਹੀ ਦੌਰ ਸਿਖਰਾਂ ਨੂੰ ਛੂਹ ਰਿਹਾ ਹੈ। ਅਧਿਆਪਕ ਆਗੂਆਂ ਅਤੇ ਜਥੇਬੰਦੀਆਂ ਦੀ ਜ਼ੁਬਾਨਬੰਦੀ ਲਈ ਕੋਝੀਆਂ ਚਾਲਾਂ ਸਿੱਖਿਆ ਸਕੱਤਰ ਵਲੋਂ ਨਿਰੰਤਰ ਜਾਰੀ ਹਨ। ਸਰਕਾਰੀ ਅਧਿਕਾਰੀਆਂ ਦੇ ਮੁਕਾਬਲੇ ਸਿੱਖਿਆ ਸਕੱਤਰ ਵਲੋਂ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ ਆਪਣੀ ਨਿੱਜੀ ਸੈਨਾ ਤਿਆਰ ਕਰ ਕੇ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਸਿੱਖਿਆ ਨੀਤੀ 2020 ਤਹਿਤ ਦੇਸੀ ਵਿਦੇਸ਼ੀ ਨਿੱਜੀ ਅਦਾਰਿਆਂ ਦਾ ਦਾਖ਼ਲਾ ਸਿੱਖਿਆ ਖੇਤਰ ਅੰਦਰ ਖੋਲ੍ਹ ਦਿੱਤਾ ਗਿਆ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰਾਬਤੇ ਨੂੰ ਖਤਮ ਕਰਨ ਲਈ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਜਲਾਸ ਦੌਰਾਨ ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲ ਕੇਂਦਰੀ ਸਕੇਲ ਨਾਲ ਜੋੜਨ ਦੀ ਨਿਖੇਧੀ ਕੀਤੀ ਗਈ ਅਤੇ ਰੱਦ ਕਰਨ ਦੀ ਮੰਗ ਕੀਤੀ ਗਈ। ਅਜਲਾਸ ਵਿੱਚ ਸੰਘਰਸ਼ਸ਼ੀਲ ਕੱਚੇ ਅਧਿਆਪਕਾਂ, ਐੱਨ ਐੱਸ ਕਿਊ ਐੱਫ ਅਧਿਆਪਕਾਂ ਸਮੇਤ ਮੁਲਾਜ਼ਮਾਂ ਨਾਲ ਇੱਕਮੁੱਠਤਾ ਪ੍ਰਗਟ ਕਰਦਿਆਂ ਉਨ੍ਹਾਂ ਦੇ ਹੱਕੀ ਸੰਘਰਸ਼ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ।
ਇਸ ਅਜਲਾਸ ਦੇੇ ਅਖੀਰ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਤੱਕ ਰੋਸ਼ ਮਾਰਚ ਕਰਕੇ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਫਕੀਰ ਸਿੰਘ, ਰਣਜੀਤ ਸਿੰਘ ਮਾਨ, ਗੁਰਬਿੰਦਰ ਸਿੰਘ ਸਸਕੌਰ, ਸੁਰਜੀਤ ਮੋਹਾਲੀ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਕੁਲਦੀਪ ਪੁਰੋਵਾਲ, ਗੁਰਦੀਪ ਬਾਜਵਾ, ਕਰਨੈਲ ਫਿਲੌਰ, ਬਲਵਿੰਦਰ ਭੁੱਟੋ, ਜੱਜਪਾਲ ਬਾਜੇ ਕੇ, ਮਨੋਹਰ ਲਾਲ ਸ਼ਰਮਾ, ਹਰਿੰਦਰ ਮੱਲੀਆਂ, ਪਰਮਜੀਤ ਸਿੰਘ ਸ਼ੇਰੋਵਾਲ, ਜਗਜੀਤ ਸਿੰਘ ਮਾਨ, ਨਰਿੰਦਰ ਮਾਖਾ, ਬੋਧ ਰਾਜ ਭੋਆ, ਦੇਵੀ ਦਿਆਲ, ਸਤਵੰਤ ਆਲਮਪੁਰ, ਦਿਲਬਾਗ ਸਿੰਘ ਤੁੜ, ਪਰਮਜੀਤ ਸਿੰਘ, ਸੁਖਦੇਵ ਸਿੰਘ ਚੰਗਾਲੀਵਾਲਾ, ਮਾਲਵਿੰਦਰ ਸਿੰਘ, ਰਣਜੀਤ ਈਸਾਪੁਰ, ਜਸਵੰਤ ਪੰਨੂ, ਜੁਝਾਰ ਸਿੰਘ ਹਾਜ਼ਰ ਸਨ।
ਇਸ ਸਮੇਂ ਪ੍ਰਧਾਨਗੀ ਮੰਡਲ ਦੇ ਸਾਬਕਾ ਮੈਂਬਰਾਂ ਮੰਗਲ ਟਾਂਡਾ, ਕੁਲਵਿੰਦਰ ਸਿੰਘ ਮਲੋਟ, ਕੇਵਲ ਸਿੰਘ, ਸੁਰਿੰਦਰ ਕੁਮਾਰ, ਬਖਸ਼ੀਸ ਸਿੰਘ ਜਵੰਧਾ, ਸੱਤਪਾਲ ਵਰਮਾ, ਬੀ ਪੀ ਈ ਓ ਕੁਲਦੀਪ ਸਿੰਘ ਨੂੰ ਸਨਮਾਨਤ ਕੀਤਾ ਗਿਆ।
16ਵੀਂ ਜਨਰਲ ਕੌਂਸਲ ਦੇ ਪਹਿਲੇ ਇਜਲਾਸ ਅਤੇ ਸਿੱਖਿਆ ਮੰਤਰੀ ਦੀ ਕੋਠੀ ਵੱਲ ਰੋਸ਼ ਮਾਰਚ ਕਰਦੇ ਹੋਏ ਅਧਿਆਪਕ ਦੀਆਂ ਤਸਵੀਰਾਂ |