ਕੋਵਿਡ -19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜਰ ਆਸ਼ਾ ਫੈਸਿਲੀਟੇਟਰ ਨੂੰ ਟਰੇਨਿੰਗ ਦਿੱਤੀ
ਆਸ਼ਾ ਵਰਕਰ ਘਰਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਕੋਵਿਡ-19 ਪ੍ਰਤੀ ਸੁਚੇਤ ਕਰਨ: ਡਾ. ਅੰਜਨਾ ਗੁਪਤਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 19 ਅਗਸਤ 2021: ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਫੈਸਲੀਟੇਟਰ ਨੂੰ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਸਬੰਧੀ ਡਾ. ਨਿਸ਼ ਗੁਪਤਾ ਅਤੇ ਸ੍ਰੀ ਦੀਪਕ ਸ਼ਰਮਾ ਡੀ ਸੀ ਐੱਮ ਨੇ ਟ੍ਰੇਨਿੰਗ ਦਿੱਤੀ।
ਟ੍ਰੇਨਿੰਗ ਦਾ ਆਗਾਜ਼ ਕਰਦੇ ਹੋਏ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਆਸ਼ਾ ਫ਼ੈਸਲੀਟੇਟਰ ਅਤੇ ਆਸ਼ਾ ਇਕ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਘਰ ਘਰ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਸਿਹਤ ਮਾਹਿਰਾਂ ਵੱਲੋਂ ਕੋਵਿਡ -19 ਦੀ ਤੀਸਰੀ ਲਹਿਰ ਵਿਚ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਇਸ ਲਈ ਬੇਹੱਦ ਜਰੂਰੀ ਹੋ ਗਿਆ ਹੈ ਕਿ ਆਸ਼ਾ ਅਤੇ ਆਸ਼ਾ ਫੈਸਲੀਟੇਟਰ ਨੂੰ ਸਿੱਖਿਅਤ ਕੀਤਾ ਜਾਵੇ। ਉਨ੍ਹਾਂ ਇਹ ਵੀ ਤਾਕੀਦ ਅਤੇ ਉਮੀਦ ਕੀਤੀ ਕਿ ਆਸ਼ਾ ਵਰਕਰ ਘਰਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਇਸ ਲਹਿਰ ਪ੍ਰਤੀ ਸੁਚੇਤ ਕਰਨਗੀਆਂ ।
ਡਾ ਨਿਸ਼ ਗੁਪਤਾ ਨੇ ਸਿਖਲਾਈ ਦਿੰਦਿਆਂ ਕਿਹਾ ਕਿ ਇਸ ਲਹਿਰ ਦੌਰਾਨ ਜ਼ੀਰੋ ਤੋਂ ਇੱਕ ਸਾਲ ਅਤੇ ਪੰਦਰਾਂ ਸਾਲ ਦੀ ਉਮਰ ਤੋਂ ਵੱਧ ਬੱਚਿਆਂ ਵਿਚ ਕਰੋਨਾ ਹੋਣ ਦਾ ਜ਼ਿਆਦਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਦਿਲ, ਫੇਫੜੇ, ਕਿਡਨੀ, ਸਾਂਹ ਆਦਿ ਦੀਆਂ ਬਿਮਾਰੀਆਂ ਤੋਂ ਗ੍ਰਸਤ ਬੱਚੇ, ਮੋਟਾਪੇ ਅਤੇ ਮੰਦ-ਬੁੱਧੀ ਵਾਲੇ ਬੱਚਿਆਂ ਨੂੰ ਇਸ ਦਾ ਵਧੇਰੇ ਖ਼ਤਰਾ ਹੈ।
ਡਾ. ਨਿਸ਼ ਨੇ ਸਪੱਸ਼ਟ ਕੀਤਾ ਕਿ ਜੇਕਰ ਦੁੱਧ ਚੁੰਘਾਉਂਦੀ ਮਾਂ ਕਰੋਨਾ ਪੌਜ਼ੇਟਿਵ ਹੈ ਤਾਂ ਉਹ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਬੰਦ ਨਹੀਂ ਕਰੇਗੀ ਪਰ ਇਸ ਵਿਚ ਉਸ ਨੂੰ ਪੂਰੀ ਸਾਵਧਾਨੀ ਵਰਤਣੀ ਪਵੇਗੀ ਜਿਵੇਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ, ਦੁੱਧ ਪਿਲਾਉਣ ਤੋਂ ਪਹਿਲਾਂ ਹੱਥਾਂ ਨੂੰ ਸੈਨੇਟਾਇਜ ਕਰਨਾ ਜਾਂ ਸਾਬਣ ਨਾਲ ਚੰਗੀ ਤਰਾਂ ਸਾਫ ਕਰਨਾ ਅਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਕਾਲਜ ਖੁੱਲ੍ਹਣ ਕਰਕੇ ਵੀ ਬੱਚਿਆਂ ਵਿੱਚ ਇਸ ਬਿਮਾਰੀ ਦਾ ਖਦਸ਼ਾ ਵਧ ਜਾਂਦਾ ਹੈ। ਉਹਨਾਂ ਬੱਚਿਆਂ ਵਿੱਚ ਕੋਵਿਡ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਬੱਚੇ ਨੂੰ ਕਦੋਂ ਅਤੇ ਕਿਹੜੀਆਂ ਹਾਲਾਤਾਂ ਵਿਚ ਘਰ ’ਚ ਏਕਾਂਤਵਾਸ ਕਰਨਾ ਹੈ, ਕਮਿਉਨਿਟੀ ਹਸਪਤਾਲ ਲੈ ਜਾਣਾ ਹੈ ਜਾਂ ਐੱਲ 2, ਐੱਲ 3 ਕੋਵਿਡ ਸੈਂਟਰਾਂ ਵਿੱਚ ਭੇਜਣਾ ਹੈ।
ਸ੍ਰੀ ਦੀਪਕ ਸ਼ਰਮਾਂ ਡੀ ਸੀ ਐੱਮ ਨੇ ਕੋਵਿਡ 19 ਦੀ ਤੀਸਰੀ ਲਹਿਰ ਵਿਚ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਦੇ ਰੋਲ ਅਤੇ ਜਿੰਮੇਵਾਰੀਆਂ ਪ੍ਰਤੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਵਾਂਗ ਹੀ ਆਸ਼ਾ ਨੇ ਘਰਾਂ ਦਾ ਸਰਵੇ ਕਰਨਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕੋਵਿਡ ਦੇ ਲੱਛਣਾ ਵਾਲੇ ਬੱਚੇ ਨੂੰ ਨੇੜੇ ਦੇ ਸਿਹਤ ਸੰਸਥਾ ਵਿੱਚ ਲਿਜਾ ਕੇ ਡਾਕਟਰ ਨੂੰ ਦਿਖਾਉਣਾ ਹੈ ਅਤੇ ਸੈਂਪਲਿੰਗ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ ।
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਐੱਸ. ਜੇ. ਸਿੰਘ ਅਤੇ ਸ੍ਰੀ ਲਖਵਿੰਦਰ ਸਿੰਘ ਵਿਰਕ, ਸ੍ਰੀ ਮਤੀ ਸਰੋਜ ਰਾਣੀ ਦੋਵੇਂ ਡਿਪਟੀ ਮਾਸ ਮੀਡੀਆ ਅਫ਼ਸਰ ਵੀ ਹਾਜ਼ਰ ਸਨ।
ਫੋਟੋ: ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਆਸ਼ਾ ਫੈਸਲੀਟੇਟਰ ਨੂੰ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਸਬੰਧੀ ਡਾ. ਨਿਸ਼ ਗੁਪਤਾ ਅਤੇ ਸ੍ਰੀ ਦੀਪਕ ਸ਼ਰਮਾ ਡੀ ਸੀ ਐੱਮ ਨੇ ਟ੍ਰੇਨਿੰਗ ਦਿੰਦੇ ਹੋਏ।