ਫਿਰੋਜ਼ਪੁਰ 20 ਜੁਲਾਈ 2021 - ਸੂਬਾ ਸਰਕਾਰ ਦੀਆਂ ਮੁਸ਼ਕਿਲਾਂ ਕਿਸੇ ਪਾਸੋਂ ਵੀ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਉਹ ਭਾਵੇਂ ਛੇਵੇਂ ਪੇ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਲੈ ਕੇ ਹੋਵੇ ਜਾਂ ਫਿਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੈਗੂਲਰ ਭਰਤੀ ਨੂੰ ਲੈ ਕੇ ਜਾਂ ਫਿਰ ਪਦ ਉੱਨਤੀਆਂ ਨੂੰ ਲੈ ਕੇ ਹੋਵੇ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਸਰਕਾਰ ਨੂੰ ਕਿਸੇ ਪਾਸੋਂ ਵੀ ਘੇਰਨ ਤੋਂ ਪਿੱਛੇ ਹਟਦਿਆਂ ਨਜ਼ਰ ਨਹੀਂ ਆ ਰਹੀਆਂ ਹਨ ਇਸੇ ਲੜੀ ਦੇ ਤਹਿਤ ਹੀ ਅੱਜ ਸਰਕਾਰੀ ਮੁਲਾਜ਼ਮਾਂ ਦੀ ਜਥੇਬੰਦੀ ਪੀ ਐੱਸ ਐੱਮ ਐੱਸ ਯੂ ਵੱਲੋਂ ਸੂਬਾ ਪੱਧਰੀ ਇਕ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਕੀਤੀ ਗਈ ਜਿਸ ਵਿਚ ਭਾਰੀ ਸੰਖਿਆ ਦੇ ਵਿਚ ਮੁਲਾਜ਼ਮਾਂ ਅਤੇ ਜਥੇਬੰਦੀ ਦੇ ਅਹੁਦੇਦਾਰਾਂ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਮੀਟਿੰਗ ਦੌਰਾਨ ਕਈ ਮੁੱਦੇ ਵਿਚਾਰੇ ਗਏ ਜਿਸ ਵਿੱਚ 29 ਜੁਲਾਈ ਨੂੰ ਹੋਣ ਵਾਲੀ ਰੈਲੀ ਵਿੱਚ ਕਲੈਰੀਕਲ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਸ਼ਮੂਲੀਅਤ ਕੀਤੀ ਜਾਏਗੀ ਅਤੇ ਜਥੇਬੰਦੀ ਵੱਲੋਂ 6 ਅਗਸਤ ਤੋਂ ਲੈ ਕੇ 15 ਅਗਸਤ ਤੱਕ ਕਲਮ ਛੋਡ਼ ਹਡ਼ਤਾਲ ਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਆਨਲਾਈਨ ਕੀਤੇ ਜਾਣ ਵਾਲੇ ਸਾਰੇ ਕੰਮ ਵੀ ਬੰਦ ਰੱਖੇ ਜਾਣਗੇ ਅਤੇ ਕੰਪਿਊਟਰ ਵੀ ਸਾਰੇ ਬੰਦ ਰੱਖੇ ਜਾਣਗੇ ਤਾਂ ਕਿ ਕਿਸੇ ਪ੍ਰਕਾਰ ਦਾ ਵੀ ਕੋਈ ਕੰਮ ਨਾ ਹੋ ਸਕੇ ਜਥੇਬੰਦੀਆਂ ਦੇ ਆਗੂ ਮਨੋਹਰ ਲਾਲ ਨੇ ਦੱਸਿਆ ਕਿ 14 ਅਗਸਤ ਨੂੰ ਸੂਬਾ ਪੱਧਰੀ ਮੀਟਿੰਗ ਕਰ ਕੇ ਅੱਗੋਂ ਵਿੱਢੀ ਜਾਣ ਵਾਲੇ ਸੰਘਰਸ਼ ਦੀ ਰੂਪਰੇਖਾ ਤੈਅ ਕੀਤੀ ਜਾਏਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਇਹ ਵੀ ਵਿਚਾਰਿਆ ਗਿਆ ਕਿ ਸਹਿਕਾਰਤਾ ਵਿਭਾਗ ਵਿੱਚ ਕੰਮ ਕਰਦੇ ਮਰਹੂਮ ਸਾਥੀ ਗੁਰਿੰਦਰਜੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਦੱਸ ਅਗਸਤ ਨੂੰ ਸਵੇਰੇ ਐੱਸਐੱਸਪੀ ਦਫ਼ਤਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਇਸ ਸੰਬੰਧੀ ਮੁਲਾਜ਼ਮਾਂ ਦੇ ਹੋਏ ਤਬਾਦਲੇ ਅਤੇ ਧੱਕੇਸ਼ਾਹੀ ਦੇ ਵਿਰੁੱਧ ਵੀ ਤਿੱਖਾ ਸੰਘਰਸ਼ ਕੀਤਾ ਜਾਏਗਾ ਇਸ ਮੌਕੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਸਾਹਿਤ ਜਥੇਬੰਦੀ ਦੇ ਹੋਰ ਵੀ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।